ਬਰਨਾਲਾ, 03 ਨਵੰਬਰ (ਨਿਰਮਲ ਸਿੰਘ ਪੰਡੋਰੀ) : ਸਿਹਤ ਵਿਭਾਗ ਅਧੀਨ ਕੰਮ ਕਰਦੇ ਐਨਐਚਐਮ ਠੇਕਾ ਅਧਾਰਿਤ ਮੁਲਾਜ਼ਮਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਨਾ ਕਰਨ ਦੀ ਸੂਰਤ ਵਿੱਚ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੌਰਾਨ ਦਿੱਤੇ ਗਏ ਸਨਮਾਨ-ਪੱਤਰ ਵਾਪਸ ਕਰਨ ਦੀ ਚਿਤਾਵਨੀ ਦਿੱਤੀ ਹੈ। ਕਰਮਚਾਰੀਆਂ ਨੇ ਦੱਸਿਆ ਕਿ ਨਵੀਂ ਬਣੀ ਪੰਜਾਬ ਸਰਕਾਰ ਤੋਂ ਉਮੀਦ ਬਣੀ ਸੀ ਕਿ ਉਨਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ ਪ੍ਰੰਤੂ ਸਰਕਾਰ ਵੱਲੋਂ ਰੈਗੂਲਰ ਕਰਨਾ ਤਾਂ ਦੂਰ ਦੀ ਗੱਲ, ਸਗੋਂ ਇਨਾਂ ਕਰਮਚਾਰੀਆਂ ਨੂੰ ਕੋਈ ਵਿੱਤੀ ਲਾਭ ਵੀ ਨਹੀਂ ਦਿੱਤਾ ਗਿਆ। ਉਕਤ ਕਰਮਚਾਰੀਆਂ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਉਨਾਂ ਦੀ ਦੀਵਾਲੀ ਇਸ ਵਾਰ ਵੀ ਕਾਲੀ ਰਹੇਗੀ। ਉਨਾਂ ਕਿਹਾ ਕਿ ਸਰਕਾਰ ਦਾ ਨਾਅਰਾ ਹੈ ਕਿ ‘‘ ਘਰ ਘਰ ਚੱਲੀ ਇਹੋ ਗੱਲ, ਚੰਨੀ ਕਰਦਾ ਮਸਲੇ ਹੱਲ’’ ਨੂੰ ਬਦਲ ਕੇ ‘ਚੰਨੀ ਨਹੀਂ ਕਰਦਾ ਮਸਲੇ ਹੱਲ’ ਕਰ ਦੇਣਾ ਚਾਹੀਦਾ ਹੈ । ਉਨਾਂ ਮੰਗ ਕੀਤੀ ਕਿ ਸਿਹਤ ਵਿਭਾਗ ਅਧੀਨ ਕੰਮ ਕਰਦੇ ਕੰਟਰੈਕਟ ਅਤੇ ਆਊਟਸੋਰਸ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਕਰਮਚਾਰੀ ਆਪਣੇ ਸਨਮਾਨ ਪੱਤਰ ਵਾਪਸ ਕਰਕੇ ਰੋਸ ਪ੍ਰਗਟ ਕਰਨਗੇ।