ਰਨਾਲਾ, 03 ਨਵੰਬਰ (ਨਿਰਮਲ ਸਿੰਘ ਪੰਡੋਰੀ) : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਇਸ ਵਾਰ ਬੰਦੀਛੋੜ ਦਿਵਸ ਅਤੇ ਦੀਵਾਲੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਸੂਬਾ ਪ੍ਰਧਾਨ ਡਾ. ਰਾਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਪੂਰੇ ਪੰਜਾਬ ਦੇ ਮੈਡੀਕਲ ਪ੍ਰੈਕਟੀਸ਼ਨਰਜ਼ ਆਪਣੇ ਘਰਾਂ ’ਤੇ ਕਿਸਾਨੀ ਝੰਡੇ ਲਹਿਰਾਉਣਗੇ। ਉਨਾਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਸਿੱਖੀ ਇਤਿਹਾਸ ਦੇ ਪੂਰਨਿਆਂ ’ਤੇ ਚੱਲਦੇ ਹੋਏ ਸੰਘਰਸ਼ੀ ਜੀਵਨ ਅਖਤਿਆਰ ਕਰਨ ਦੀ ਬਹੁਤ ਜ਼ਰੂਰਤ ਹੈ। ਉਨਾਂ ਕਿਹਾ ਕਿ ਸਿੱਖ ਇਤਿਹਾਸ ਤਰਕਵਾਦੀ ਜੀਵਨ ਦੀ ਸਿੱਖਿਆ ਦਿੰਦਾ ਹੈ ਅਤੇ ਅੱਜ ਦੇ ਯੁੱਗ ਵਿੱਚ ਤਰਕਵਾਦ ਦੀ ਬਹੁਤ ਮਹੱਤਤਾ ਹੈ। ਸੂਬਾ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਕਿਉਂਕਿ ਅਜੋਕੇ ਦੌਰ ਵਿੱਚ ਕਾਰਪੋਰੇਟ ਘਰਾਣਿਆਂ ਨੇ ਹਰ ਖੇਤਰ ਉੱਪਰ ਕਬਜ਼ਾ ਕਰ ਰੱਖਿਆ ਹੈ। ਉਨਾਂ ਕਿਹਾ ਕਿ ਵਧ ਰਹੀਆਂ ਤੇਲ ਕੀਮਤਾਂ ਨੇ ਹਰ ਚੀਜ ਦੇ ਭਾਅ ਅਸਮਾਨੀ ਚੜਾ ਦਿੱਤੇ ਹਨ ਜਿਸ ਕਾਰਨ ਗਰੀਬ ਆਦਮੀ ਦਾ ਜੀਵਨ ਦੁੱਭਰ ਹੋ ਚੁੱਕਿਆ ਹੈ। ਉਕਤ ਆਗੂਆਂ ਨੇ ਸੱਦਾ ਦਿੱਤਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਲੋਕ ਵਿਰੋਧੀ ਨਿਜ਼ਾਮ ਨੂੰ ਖ਼ਤਮ ਕਰਨ ਲਈ ਚਾਪਲੂਸ਼ ਨੇਤਾਵਾਂ ਦਾ ਬਾਈਕਾਟ ਕਰਕੇ ਏਕੇ ਨਾਲ ਲੋਕ ਪੱਖੀ ਸਮਾਜ ਸਿਰਜਣ ਲਈ ਹੰਭਲਾ ਮਾਰਨਾ ਚਾਹੀਦਾ ਹੈ।,