ਚੰਡੀਗੜ੍ਹ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਸਰ ਆਪਣੇ ਆਗੂਆਂ ਦੇ ਕੁਝ ਵਿਵਾਦਗ੍ਰਸਤ ਫੈਸਲਿਆਂ ਕਾਰਨ ਚਰਚਾ ਵਿੱਚ ਰਹਿੰਦੀ ਹੈ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਬੀਤੇ ਤਿੰਨ ਨਵੰਬਰ ਨੂੰ ਲੱਗੀਆਂ ਕੁਝ ਆਗੂਆਂ ਦੀਆਂ ਤਸਵੀਰਾਂ ਕਾਰਨ ਸ਼੍ਰੋਮਣੀ ਕਮੇਟੀ ਉੱਪਰ ਸਵਾਲ ਉੱਠ ਰਹੇ ਹਨ। ਕਮੇਟੀ ਵੱਲੋਂ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਗਈ ਹੈ ਜਿਸ ਦੀ ਜ਼ਿਆਦਾ ਚਰਚਾ ਹੋ ਰਹੀ ਹੈ ਕਿਉਂਕਿ ਅਵਤਾਰ ਸਿੰਘ ਮੱਕੜ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਉਨ੍ਹਾਂ ਉੱਪਰ ਗੋਲਕ ਦੇ ਪੈਸੇ ਦੀ ਸ਼ਰ੍ਹੇਆਮ ਦੁਰਵਰਤੋਂ ਦੇ ਦੋਸ਼ ਲੱਗਦੇ ਰਹੇ ਹਨ। ਬਤੌਰ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਗੱਡੀ ਵਿਚ ਪਾਏ ਤੇਲ ਦੇ ਬਿੱਲਾਂ ਦੀ ਚਰਚਾ ਅਜੇ ਤੱਕ ਵੀ ਲੋਕਾਂ ਦੀ ਜ਼ੁਬਾਨ ‘ਤੇ ਹੈ। ਇਨ੍ਹਾਂ ਦੋਸ਼ਾਂ ਸਬੰਧੀ ਅਵਤਾਰ ਸਿੰਘ ਮੱਕੜ ਨੇ ਕਦੇ ਕੋਈ ਸਫ਼ਾਈ ਨਹੀਂ ਦਿੱਤੀ ਅਤੇ ਨਾ ਹੀ ਉਨ੍ਹਾਂ ਤੋਂ ਬਾਅਦ ਬਣਨ ਵਾਲੇ ਕਿਸੇ ਪ੍ਰਧਾਨ ਨੇ ਪੜਤਾਲ ਦੀ ਲੋੜ ਸਮਝੀ। ਕੇਂਦਰੀ ਸਿੱਖ ਅਜਾਇਬ ਘਰ ਵਿਚ ਲੱਗੀ ਸੰਤ ਹਰਦੇਵ ਸਿੰਘ ਲੂਲੋਂ ਵਾਲਿਆਂ ਦੀ ਤਸਵੀਰ ਉਪਰ ਵੀ ਕਿੰਤੂ ਪ੍ਰੰਤੂ ਹੋ ਰਿਹਾ ਹੈ ਕਿਉਂਕਿ ਸੰਤ ਹਰਦੇਵ ਸਿੰਘ ਆਪਣੇ ਧਾਰਮਿਕ ਸਮਾਗਮਾਂ ਵਿੱਚ ਪੰਥ ਪ੍ਰਮਾਣਤ ਸਿੱਖ ਰਹਿਤ ਮਰਿਆਦਾ ਉਪਰ ਸ਼ਰ੍ਹੇਆਮ ਟਿੱਪਣੀਆਂ ਕਰਦੇ ਰਹੇ ਹਨ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਤਸਵੀਰਾਂ ਹਨ ਜਿਨ੍ਹਾਂ ਉੱਪਰ ਕਿੰਤੂ ਪ੍ਰੰਤੂ ਹੋ ਰਿਹਾ ਹੈ ਅਤੇ ਇਸ ਸੰਬੰਧੀ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਗੱਲ ਕਰਨ ਲਈ ਤਿਆਰ ਨਹੀਂ ਹੈ। ਮਾਲਵਾ ਖੇਤਰ ਦੇ ਇਕ ਅਜਿਹੇ ਆਗੂ ਦੀ ਫੋਟੋ ਵੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਲੱਗੀ ਹੋਈ ਹੈ ਜਿਸ ਉੱਪਰ ਦੋਸ਼ ਲੱਗਦੇ ਰਹੇ ਹਨ ਕਿ ਉਸ ਨੇ ਵੱਡੀ ਗਿਣਤੀ ਵਿਚ ਮੋਰਾਂ ਨੂੰ ਜ਼ਹਿਰੀਲੇ ਦਾਣੇ ਪਾ ਕੇ ਮਾਰ ਦਿੱਤਾ ਸੀ ਕਿਉਂਕਿ ਉਸ ਨੂੰ ਸ਼ਿਕਵਾ ਸੀ ਕਿ ਇਹ ਮੋਰ ਉਸ ਦੀ ਮੱਕੀ ਦੀ ਫ਼ਸਲ ਖ਼ਰਾਬ ਕਰਦੇ ਹਨ। ਸਿੱਖ ਅਜਾਇਬ ਘਰ ਵਿਚ ਲੱਗੀਆਂ ਇਨ੍ਹਾਂ ਤਸਵੀਰਾਂ ਉੱਪਰ ਅਕਸਰ ਟਿੱਪਣੀਆਂ ਹੁੰਦੀਆਂ ਹਨ ਪ੍ਰੰਤੂ ਕੋਈ ਆਗੂ ਅੱਗੇ ਆ ਕੇ ਇਨ੍ਹਾਂ ਟਿੱਪਣੀਆਂ ਦਾ ਜਵਾਬ ਨਹੀਂ ਦੇ ਰਿਹਾ। ਕੇਂਦਰੀ ਸਿੱਖ ਅਜਾਇਬ ਘਰ ਵਿਚ ਲੱਗੀਆਂ ਤਸਵੀਰਾਂ ਸਬੰਧੀ ਉੱਠ ਰਹੇ ਸਵਾਲਾਂ ਦਾ ਜਵਾਬ ਮੌਜੂਦਾ ਪ੍ਰਧਾਨ ਜਾਂ ਹੋਰ ਜ਼ਿੰਮੇਵਾਰ ਆਗੂਆਂ ਨੂੰ ਦੇਣਾ ਚਾਹੀਦਾ ਹੈ ।