-ਜਦੋਂ ਤਕ ਏਜੀ ਅਤੇ ਡੀਜੀਪੀ ਨੂੰ ਨਹੀਂ ਹਟਾਇਆ ਜਾਂਦਾ, ਦਫਤਰ ਨਹੀਂ ਜਾਵਾਂਗਾ-ਸਿੱਧੂ
-ਮੁੱਖ ਮੰਤਰੀ ਦਾ ਚਿਹਰਾ ਲੋਕ ਤੈਅ ਕਰਨਗੇ
ਚੰਡੀਗੜ੍ਹ, 5 ਨਵੰਬਰ (ਨਿਰਮਲ ਸਿੰਘ ਪੰਡੋਰੀ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਪ੍ਰੈਸ ਕਾਨਫ਼ਰੰਸ ਕਰਕੇ ਆਪਣੀ ਹੀ ਪਾਰਟੀ ਦੀ ਸਰਕਾਰ ਉੱਪਰ ਚੰਗੇ ਰਗੜੇ ਲਾਏ। ਸਿੱਧੂ ਨੇ ਵੱਖ ਵੱਖ ਮੁੱਦਿਆਂ ਉਪਰ ਚੰਨੀ ਸਰਕਾਰ ਨੂੰ ਘੇਰਿਆ। ਚੰਨੀ ਸਰਕਾਰ ਖ਼ਿਲਾਫ਼ ਸਿੱਧੂ ਦੇ ਤੇਵਰਾਂ ਤੋਂ ਭੁਲੇਖਾ ਪੈ ਰਿਹਾ ਸੀ ਕਿ ਜਿਵੇਂ ਨਵਜੋਤ ਸਿੰਘ ਪੰਜਾਬ ‘ਚ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਚੰਨੀ ਸਰਕਾਰ ਉੱਪਰ ਸਵਾਲ ਚੁੱਕਿਆ ਕਿ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਅਫ਼ਸਰ ਨੂੰ ਡੀਜੀਪੀ ਅਤੇ ਸੁਮੇਧ ਸੈਣੀ ਦੇ ਵਕੀਲ ਨੂੰ ਐਡਵੋਕੇਟ ਜਨਰਲ ਕਿਉਂ ਲਾਇਆ ਗਿਆ। ਸਿੱਧੂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਮੌਜੂਦਾ ਡੀਜੀਪੀ ਅਤੇ ਏਜੀ ਬਦਲੇ ਨਹੀਂ ਜਾਂਦੇ ਉਹ ਪੰਜਾਬ ਕਾਂਗਰਸ ਦੇ ਦਫ਼ਤਰ ਨਹੀਂ ਜਾਣਗੇ,ਜਿਸ ਦਿਨ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਲੱਗੇਗਾ ਮੈਂ ਉਸ ਦਿਨ ਹੀ ਦਫ਼ਤਰ ਜਾਵਾਂਗਾ। ਉਨ੍ਹਾਂ ਕਿਹਾ ਕਿ ਮੈਂ ਕਿਸੇ ਦੇ ਪਾਪ ਦਾ ਭਾਗੀਦਾਰ ਨਹੀਂ ਬਣਾਂਗਾ ਅਤੇ ਨਾ ਹੀ ਕੋਈ ਸਮਝੌਤਾ ਕਰਾਂਗਾ । ਉਨ੍ਹਾਂ ਕਿਹਾ ਕਿ ਚੀਨੀ ਸਰਕਾਰ ਨੇ ਹੁਣ ਤਕ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ‘ਤੇ ਕੋਈ ਕਦਮ ਨਹੀਂ ਚੁੱਕਿਆ ਤਾਂ ਅਸੀਂ ਅਗਲੀਆਂ ਚੋਣਾਂ ਸਮੇਂ ਪਿੰਡਾਂ ਵਿੱਚ ਕਿਵੇਂ ਜਾਵਾਂਗੇ। ਕਾਂਗਰਸ ਹਾਈ ਕਮਾਂਡ ਦੇ ਵੀ ਨਿਰਦੇਸ਼ ਹਨ ਕਿ ਉਕਤ ਦੋਵਾਂ ਮੁੱਦਿਆਂ ‘ਤੇ ਗੰਭੀਰਤਾ ਨਾਲ ਕੰਮ ਕੀਤਾ ਜਾਵੇ। ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਚੈਲੇਂਜ ਕੀਤਾ ਕਿ ਸਰਕਾਰ ਜੇਕਰ ਐੱਸ ਟੀ ਐੱਫ ਦੀ ਰਿਪੋਰਟ ਜਨਤਕ ਨਹੀਂ ਕਰ ਸਕਦੀ ਤਾਂ ਉਹ ਰਿਪੋਰਟ ਮੈਨੂੰ ਸੌਂਪ ਦੇਵੇ । ਸਿੱਧੂ ਨੇ ਕਿਹਾ ਕਿ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਸਿਰਫ ਦੋ ਹੀ ਰਸਤੇ ਹਨ “ਜਾਂ ਤਾਂ ਲੋਕਾਂ ਨੂੰ ਲੌਲੀਪੋਪ ਦਿੱਤਾ ਜਾਵੇ ਜਾਂ ਫਿਰ ਪੰਜਾਬ ਦੀ ਤਕਦੀਰ ਬਦਲਣ ਦੀਆਂ ਗੱਲਾਂ ਕੀਤੀਆਂ ਜਾਣ” । ਕੈਪਟਨ ਅਮਰਿੰਦਰ ਸਿੰਘ ਸਬੰਧੀ ਵਰਤੀ ਭਾਸ਼ਾ ਦੇ ਜਵਾਬ ਵਿਚ ਸਿੱਧੂ ਨੇ ਕਿਹਾ ਕਿ “ਮੈਂ ਜਦੋ ਪਾਕਿਸਤਾਨ ਗਿਆ ਸੀ ਕੈਪਟਨ ਨੇ ਮੇਰੇ ਪ੍ਰਤੀ ਵੀ ਇਹੋ ਭਾਸ਼ਾ ਵਰਤੀ ਸੀ, ਭਾਸ਼ਾ ਦੀ ਮਰਿਆਦਾ ਸਿਰਫ਼ ਮੇਰੇ ਉਪਰ ਹੀ ਨਹੀਂ ਬਲਕਿ 80 ਸਾਲ ਦੇ ਬਜ਼ੁਰਗ ਉਪਰ ਵੀ ਲਾਗੂ ਹੁੰਦੀ ਹੈ”। ਚੰਨੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦੇ ਹੋਏ ਸਿੱਧੂ ਨੇ ਕਿਹਾ ਕਿ 90 ਦਿਨ ਦੀ ਸਰਕਾਰ ‘ਚ ਕੀ ਚੱਲ ਰਿਹਾ ਹੈ।ਅਗਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ‘ਤੇ ਸਵਾਲ ਦਾ ਜਵਾਬ ਦਿੰਦਿਆਂ ਹੋਏ ਸਿੱਧੂ ਨੇ ਕਿਹਾ ਕਿ ਇਹ ਲੋਕ ਹੀ ਤੈਅ ਕਰਨਗੇ ਕਿ ਚਿਹਰਾ ਕੌਣ ਹੋਵੇਗਾ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੋਈ ਨਾਰਾਜ਼ਗੀ ਨਹੀਂ ਬਲਕਿ ਉਨ੍ਹਾਂ ਦੀ ਮੁੱਦਿਆਂ ਦੀ ਲੜਾਈ ਹੈ। ਪ੍ਰੈੱਸ ਕਾਨਫ਼ਰੰਸ ਦੇ ਅਖੀਰ ਵਿਚ ਟੇਬਲ ਉਪਰ ਹੱਥ ਮਾਰ ਕੇ ਸਿੱਧੂ ਨੇ ਦਾਅਵਾ ਕੀਤਾ ਕਿ ਉਹ ਪੰਜਾਬ ‘ਚ ਕਾਂਗਰਸ ਨੂੰ 80 ਤੋਂ 100 ਸੀਟਾਂ ਉੱਪਰ ਜਿਤਾਉਣਗੇ।