ਬਰਨਾਲਾ, 06 ਨਵੰਬਰ (ਨਿਰਮਲ ਸਿੰਘ ਪੰਡੋਰੀ) : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਸਥਾਨਕ ਜੀ ਸਿਨੇਮਾ ਵਿੱਚ ਅਕਸ਼ੇ ਕੁਮਾਰ ਦੀ ਫਿਲਮ ‘ਸੂਰੀਆਵੰਸ਼ੀ’ ਦੇ ਸ਼ੋਅ ਦਾ ਵਿਰੋਧ ਕਰਦੇ ਹੋਏ ਫਿਲਮ ਨਹੀਂ ਲੱਗਣ ਦਿੱਤੀ। ਇਸ ਸੰਬੰਧੀ ਗੱਲ ਕਰਦੇ ਹੋਏ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਮੌੜ ਅਤੇ ਜਨਰਲ ਸਕੱਤਰ ਜਰਨੈਲ ਸਿੰਘ ਸਹੋਰ ਨੇ ਕਿਹਾ ਕਿ ਅਕਸ਼ੇ ਕੁਮਾਰ ਨੇ ਖੇਤੀ ਕਾਨੂੰਨਾਂ ਦੇ ਮਾਮਲੇ ’ਚ ਕਿਸਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਦੀ ਬਜਾਏ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਦੀਆਂ ਗੱਲਾਂ ਕੀਤੀਆਂ। ਉਨਾਂ ਕਿਹਾ ਕਿ ਅਕਸ਼ੇ ਕੁਮਾਰ ਨੇ ਸਮੇਂ ਸਮੇਂ ’ਤੇ ਆਪਣੀਆਂ ਫਿਲਮਾਂ ’ਚ ਪੰਜਾਬੀ ਸਰੂਪ ਧਾਰਨ ਕਰਕੇ ਕੌਮ ਨਾਲ ਮਜ਼ਾਕ ਕੀਤਾ ਜਿਸ ਸੰਬੰਧੀ ਉਸ ਨੇ ਕਈ ਵਾਰ ਮੁਆਫ਼ੀਆਂ ਵੀ ਮੰਗੀਆਂ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ । ਕਿਸਾਨ ਆਗੂਆਂ ਨੇ ਕਿਹਾ ਕਿ ਅਕਸ਼ੇ ਕੁਮਾਰ ਨੇ ਦੇਸ਼ ਦੇ ਅੰਨਦਾਤਾ ਦੇ ਹੱਕ ਵਿੱਚ ਖੜਨ ਦੀ ਬਜਾਏ ਕੇਂਦਰ ਸਰਕਾਰ ਦੀ ਸਰਾਹਨਾ ਕੀਤੀ। ਜਿਸ ਕਾਰਨ ਕਿਸਾਨਾਂ ਵਿੱਚ ਰੋਸ ਹੈ ਇਸ ਲਈ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਤੇ ਜਗਸੀਰ ਸਿੰਘ ਸੀਰਾ ਛੀਨੀਵਾਲ ਦੇ ਹੁਕਮਾਂ ’ਤੇ ਅਕਸੇ ਕੁਮਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਜੀ ਸਿਨਮਾ ਵਿੱਚ ਉਸ ਦੀ ਫਿਲਮ ਦਾ ਪ੍ਰਸਾਰਨ ਰੋਕਿਆ ਗਿਆ।ਆਗੂਆਂ ਲੇ ਕਿਹਾ ਕਿ ਅਕਸ਼ੇ ਕੁਮਾਰ ਦੀ ਕੋਈ ਫਿਲਮ ਨਹੀਂ ਚੱਲਣ ਦਿੱਤੀ ਜਾਵੇਗੀ ਅਤੇ ਨਾ ਹੀ ਪੰਜਾਬ ’ਚ ਸ਼ੂਟਿੰਗ ਕਰਨ ਦਿੱਤੀ ਜਾਵੇਗੀ। ਇਸ ਮੌਕੇ ਜਸਮੇਲ ਸਿੰਘ ਕਾਲੇਕੇ, ਰਣਧੀਰ ਸਿੰਘ ਸੇਖਾ, ਲਖਵਿੰਦਰ ਸਿੰਘ ਨਾਈਵਾਲਾ, ਜਸਵਿੰਦਰ ਸਿੰਘ ਮੰਡੇਰ, ਜਗਰਾਜ ਸਿੰਘ ਛੀਨੀਵਾਲ ਸਮੇਤ ਭਰਵੀਂ ਗਿਣਤੀ ਵਿੱਚ ਜਥੇਬੰਦੀ ਦੇ ਵਰਕਰ ਹਾਜ਼ਰ ਸਨ।