ਚੰਡੀਗੜ, 06 ਨਵੰਬਰ (ਨਿਰਮਲ ਸਿੰਘ ਪੰਡੋਰੀ) : ਹਿਮਾਚਲ , ਹਰਿਆਣਾ ਸਰਕਾਰ ਅਤੇ ਚੰਡੀਗੜ ਪ੍ਰਸ਼ਾਸਨ ਵੱਲੋਂ ਤੇਲ ਕੀਮਤਾਂ ਉੱਪਰ ਵੈਟ ਘਟਾਉਣ ਤੋਂ ਬਾਅਦ ਪੰਜਾਬ ਸਰਕਾਰ ’ਤੇ ਵੀ ਦਬਾਅ ਵੱਧਦਾ ਜਾ ਰਿਹਾ ਹੈ ਕਿ ਪੈਟਰੌਲ ਤੇ ਡੀਜ਼ਲ ਉੱਪਰ ਵੈਟ ਘਟਾ ਕੇ ਲੋਕਾਂ ਨੂੰ ਹੋਰ ਰਾਹਤ ਦਿੱਤੀ ਜਾਵੇ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ’ਚ ਤੇਲ ਕੀਮਤਾਂ ’ਚ ਕਟੌਤੀ ਦਾ ਇਸ਼ਾਰਾ ਵੀ ਕੀਤਾ ਹੈ। ਜਿਸ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਉਮੀਦ ਬੱਝੀ ਹੈ ਕਿ ਤੇਲ ਕੀਮਤਾਂ ’ਚ ਕੁਝ ਹੋਰ ਰਾਹਤ ਮਿਲੇਗੀ। ਉਂਝ ਪਿਛਲੇ ਸਮੇਂ ਦੌਰਾਨ ਤੇਲ ਕੀਮਤਾ ’ਚ ਵਾਧੇ ਕਾਰਨ ਪੰਜਾਬ ਸਰਕਾਰ ਨੂੰ ਪਹਿਲਾਂ ਨਾਲੋ ਜ਼ਿਆਦਾ ਕਮਾਈ ਹੋਈ ਹੈ। ਅਪ੍ਰੈਲ 2020 ਤਂੋ ਸਤੰਬਰ 2020 ਤੱਕ ਤੇਲ ਟੈਕਸਾਂ ਤੋਂ 2237 ਕਰੋੜ ਆਮਦਨ ਹੋਈ ਸੀ ਅਤੇ ਇਸ ਵਾਰ ਇਸੇ ਸਮੇਂ ਦੌਰਾਨ 3776 ਕਰੋੜ ਦੀ ਆਮਦਨ ਹੋਈ ਹੈ। ਗੁਆਂਢੀ ਸੂਬਿਆਂ ਵੱਲੋਂ ਤੇਲ ਕੀਮਤਾਂ ਕਟੌਤੀ ਕਰਨ ਤੋਂ ਬਾਅਦ ਅੰਤਰਰਾਜੀ ਸਰਹੱਦਾਂ ਉੱਪਰ ਲੱਗੇ ਪੈਟਰੌਲ ਪੰਪਾਂ ਦੀ ਵਿਕਰੀ ’ਤੇ ਵੀ ਵੱਡਾ ਅਸਰ ਪਵੇਗਾ। ਜਿਸ ਕਰਕੇ ਪੰਜਾਬ ਸਰਕਾਰ ਨੂੰ ਸੂਬੇ ਦੇ ਲੋਕਾਂ ਦੇ ਦਬਾਅ ਤੋਂ ਇਲਾਵਾ ਪੰਪ ਮਾਲਕਾਂ ਦੇ ਦਬਾਅ ਤਹਿਤ ਕੀਮਤਾਂ ਘਟਾਉਣੀਆਂ ਹੀ ਪੈਣਗੀਆਂ। ਇਸ ਸੰਬੰਧੀ ਐਤਵਾਰ ਕੈਬਨਿਟ ਮੀਟਿੰਗ ਵਿੱਚ ਐਲਾਨ ਹੋਣ ਦੀ ਸੰਭਾਵਨਾ ਹੈ।