ਬਰਨਾਲਾ, 08 ਨਵੰਬਰ (ਨਿਰਮਲ ਸਿੰਘ ਪੰਡੋਰੀ) : ਸਥਾਨਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਲੋਕ ਅਧਿਕਾਰ ਲਹਿਰ ਦੇ ਆਗੂਆਂ/ਵਰਕਰਾਂ ਦੀ ਮੀਟਿੰਗ ਹੋਈ , ਜਿਸ ਵਿੱਚ ਲਹਿਰ ਦੇ ਆਗੂੁ ਬਲਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨੇ ‘ਸੰਪੂਰਨ ਲੋਕਰਾਜ, ਸੰਪੂਰਨ ਆਜ਼ਾਦੀ’ ਮਿਸ਼ਨ ਦੀ ਪ੍ਰਾਪਤੀ ਲਈ ਇਕੱਤਰ ਵਰਕਰਾਂ ਨੂੰ ਸਰਗਰਮੀਆਂ ਸ਼ੁਰੂ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਕਤ ਆਗੂਆਂ ਨੇ ਦੱਸਿਆ ਕਿ ਪਹਿਲਾਂ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਦੀ ਨਿਗਰਾਨੀ ਹੇਠ ਅੱਗੇ 125 ਮੈਂਬਰੀ ਕਮੇਟੀ ਬਣਾਈ ਜਾਵੇਗੀ ਅਤੇ ਇਹ ਕਮੇਟੀ ਹਲਕਾ ਪੱਧਰ ’ਤੇ ਉਮੀਦਵਾਰ ਦੀ ਚੋਣ ਕਰੇਗੀ। ਉਨਾਂ ਕਿਹਾ ਕਿ ਕਿਸੇ ਉਮੀਦਵਾਰ ਨੂੰ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਲੋਕਾਂ ਉੱਪਰ ਥੋਪਿਆ ਨਹੀਂ ਜਾਵੇਗਾ ਬਲਕਿ ਲੋਕ ਅਧਿਕਾਰ ਲਹਿਰ ਦਾ ਉਮੀਦਵਾਰ ਲੋਕਾਂ ਵਿੱਚੋਂ ਹੀ ਹੋਵੇਗਾ ਜਿਸ ਦੀ ਚੋਣ ਵੀ ਲੋਕ ਹੀ ਕਰਨਗੇ, ਲੋਕ ਹੀ ਲੜਨਗੇ ਅਤੇ ਜਿੱਤ ਵੀ ਲੋਕਾਂ ਦੀ ਹੋਵੇਗੀ। ਉਕਤ ਆਗੂਆਂ ਕਿਹਾ ਕਿ ਅਜੋਕੇ ਦੌਰ ’ਚ ਹਰ ਖੇਤਰ ਵਿੱਚ ਆਈ ਗਿਰਾਵਟ ਦਾ ਮੁੱਖ ਕਾਰਨ ਰਾਜਨੀਤਿਕ ਮਾਫੀਆ ਹੀ ਹੈ। ਇਸ ਲਈ ਲੋਕਤੰਤਰ ਵਿੱਚ ਲੋਕਾਂ ਦਾ ਰਾਜ ਕਾਇਮ ਕਰਨ ਲਈ ਰਾਜਨੀਤਿਕ ਮਾਫੀਆ ਖ਼ਤਮ ਕਰਨਾ ਜ਼ਰੂਰੀ ਹੈ ਅਤੇ ਲੋਕ ਅਧਿਕਾਰ ਲਹਿਰ ਇਸ ਮਿਸ਼ਨ ਦੀ ਪ੍ਰਾਪਤੀ ਲਈ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਕਰਕੇ ਕੰਮ ਕਰ ਰਹੀ ਹੈ। ਇਸ ਮੌਕੇ ਹਲਕਾ ਬਰਨਾਲਾ ਲਈ ਬੂਟਾ ਸਿੰਘ ਬਰਨਾਲਾ, ਜਸਵੰਤ ਸਿੰਘ ਸਿੱਧੂ ਫਰਵਾਹੀ, ਮੰਗਤ ਰਾਏ ਬਰਨਾਲਾ, ਜਗਸੀਰ ਸਿੰਘ ਹੰਡਿਆਇਆ, ਕੁਲਦੀਪ ਸਿੰਘ ਬਰਨਾਲਾ, ਗੋਬਿੰਦਰ ਸਿੰਘ ਬਰਨਾਲਾ, ਅਵਤਾਰ ਸਿੰਘ ਨੰਗਲ, ਗੁਰਪ੍ਰੀਤ ਖੁੱਡੀ ’ਤੇ ਅਧਾਰਿਤ ਕਮੇਟੀ ਚੁਣੀ ਗਈ । ਹਲਕਾ ਮਹਿਲ ਕਲਾਂ ਲਈ ਗੁਰਦੀਪ ਸਿੰਘ ਚੰਨਣਵਾਲ, ਬਹਾਦਰ ਸਿੰਘ ਮਹਿਲ ਕਲਾਂ, ਗੁਰਚਰਨ ਸਿੰਘ ਚੁਹਾਣਕੇ, ਗੁਰਨਾਮ ਸਿੰਘ ਟੱਲੇਵਾਲ, ਤੇਜਿੰਦਰ ਸਿੰਘ ਮਹਿਲ ਕਲਾਂ, ਜਗਸੀਰ ਸਿੰਘ ਚੀਮਾ, ਅਵਤਾਰ ਸਿੰਘ ਰਾਏਸਰ, ਗੁਰਮੇਲ ਸਿੰਘ ਕਲਾਲਾ, ਗੁਰਜੰਟ ਸਿੰਘ ਬਦੇਸਾ ਅਤੇ ਸਤਿਨਾਮ ਸਿੰਘ ਖਾਲਸਾ ਦੀ ਕਮੇਟੀ ਚੁਣੀ ਗਈ। ਹਲਕਾ ਭਦੌੜ ਲਈ ਬਲਦੇਵ ਸਿੰਘ, ਤੇਜਿੰਦਰ ਕੌਰ ਉੱਗੋਕੇ, ਲਖਵਿੰਦਰ ਸਿੰਘ ਢਿੱਲਵਾਂ, ਚਾਨਣ ਸਿੰਘ ਤਪਾ ਤੇ ਬਲਵੰਤ ਸਿੰਘ ਤਪਾ ’ਤੇ ਅਧਾਰਿਤ ਕਮੇਟੀ ਚੁਣੀ ਗਈ।