ਬਰਨਾਲਾ, 8 ਨਵੰਬਰ (ਨਿਰਮਲ ਸਿੰਘ ਪੰਡੋਰੀ) : ਐਸ ਡੀ ਕਾਲਜ ਆਫ਼ ਬੀ.ਫ਼ਾਰਮੇਸੀ ਦੇ ਵਿਦਿਆਰਥੀਆਂ ਨੇ ਸੂਬਾ ਪੱਧਰੀ ਮੁਕਾਬਲਿਆਂ ਵਿਚ ਵੱਡੀ ਮੱਲ ਮਾਰੀ ਹੈ। ਪਿਛਲੇ ਦਿਨੀਂ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿਖੇ ਹੋਏ ਰੈੱਡ ਰਿਬਨ ਕਲੱਬਾਂ ਦੇ ਸਟੇਟ ਪੱਧਰੀ ਕੁਇਜ਼ ਮੁਕਾਬਲਿਆਂ ‘ਚ ਕਾਲਜ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਗੁਨੀਤ ਗੁਪਤਾ (ਪੰਜਵਾਂ ਸਮੈਸਟਰ) ਅਤੇ ਅਰਸ਼ਦੀਪ ਕੌਰ (ਤੀਜਾ ਸਮੈਸਟਰ) ਦੀ ਟੀਮ ਨੇ ਜ਼ਿਲਾ ਬਰਨਾਲਾ ਦੀ ਪ੍ਰਤੀਨਿਧਤਾ ਕਰਦਿਆਂ ਜ਼ਿਆਦਾਤਰ ਸਵਾਲਾਂ ਦਾ ਸਹੀ ਜਵਾਬ ਦਿੰਦਿਆਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ। ਇਹਨਾਂ ਦੋਹਾਂ ਵਿਦਿਆਰਥੀਆਂ ਨੂੰ ਇਸ ਕਾਮਯਾਬੀ ‘ਤੇ ਇਕ ਸ਼ਾਨਦਾਰ ਟਰਾਫ਼ੀਆਂ ਦੇ ਨਾਲ ਨਾਲ 30 ਹਜ਼ਾਰ ਰੁਪਏ ਇਨਾਮ ਵੱਜੋਂ ਦਿੱਤੇ ਗਏ। ਇਸ ਤੋਂ ਪਹਿਲਾਂ ਦੋਵਾਂ ਨੇ ਜ਼ਿਲਾ ਪੱਧਰੀ ਮੁਕਾਬਲਿਆਂ ‘ਚ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਉਹਨਾਂ ਨੂੰ 6 ਹਜ਼ਾਰ ਰੁਪਏ ਇਨਾਮ ‘ਚ ਮਿਲੇ ਸਨ। ਜ਼ਿਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਉਹਨਾਂ ਨੇ ਸਟੇਟ ਮੁਕਾਬਲਿਆਂ ‘ਚ ਹਿੱਸਾ ਲੈਣ ਦਾ ਹੱਕ ਹਾਸਲ ਕੀਤਾ ਸੀ। ਇਹ ਦੋਵੇਂ ਵਿਦਿਆਰਥੀ ਹੁਣ ਆਲ ਇੰਡੀਆ ਕੁਇਜ਼ ਮੁਕਾਬਲਿਆਂ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ। ਕਾਲਜ ਵਿਦਿਆਰਥੀਆਂ ਦੀ ਇਸ ਬਿਹਤਰੀਨ ਕਾਰਗੁਜ਼ਾਰੀ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਐਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਪਿ੍ਰੰਸੀਪਲ ਸ੍ਰੀ ਰਾਕੇਸ਼ ਗਰਗ ਅਤੇ ਜ਼ਿਲਾ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਸ੍ਰੀ ਵਿਜੈ ਭਾਸਕਰ ਨੇ ਦੋਵੇਂ ਵਿਦਿਆਰਥੀਆਂ ਦੇ ਨਾਲ ਨਾਲ ਰੈੱਡ ਰਿਬਨ ਦੇ ਨੋਡਲ ਅਫ਼ਸਰ ਪ੍ਰੋ. ਰਮਨਦੀਪ ਕੌਰ ਨੂੰ ਵੀ ਵਧਾਈਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।