— ਗੱਲ ਗਲ ’ਚ ਹੱਥ ਪਾਉਣ ਤੱਕ ਵੀ ਪੁੱਜ ਗਈ ਸੀ ਪਰ.!
ਬਰਨਾਲਾ, 09 ਨਵੰਬਰ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਜ਼ਿਲੇ ਵਿੱਚ ਕਾਂਗਰਸ ਪਾਰਟੀ ਦੀ ਧੜੇਬੰਦੀ ਦੀ ਅੱਗ ਹਾਈਕਮਾਨ ਤੱਕ ਪੁੱਜ ਚੁੱਕੀ ਹੈ, ਜਿਸ ਨੂੰ ਮੱਠਾ ਕਰਨ ਲਈ ਜ਼ਿਲੇ ਦੇ ਇੰਚਾਰਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਸਥਾਨਕ ਰੈਸਟ ਹਾਊਸ ਪੁੱਜੇ। ਰੈਸਟ ਹਾਊਸ ਵਿੱਚ ਕੇਵਲ ਸਿੰਘ ਢਿੱਲੋਂ ਅਤੇ ਕਾਲਾ ਢਿੱਲੋਂ ਦੇ ਸਮੱਰਥਕ ਇਕੱਠੇ ਹੋਏ ਸਨ। ਧੜੇਬੰਦੀ ਦੀ ਅੱਗ ਨੂੰ ਮੱਠਾ ਕਰਨ ਲਈ ਪੁੱਜੇ ਕੈਬਨਿਟ ਮੰਤਰੀ ਨੂੰ ਉਸ ਵੇਲੇ ਨਮੋਸੀ ਦਾ ਸਾਹਮਣਾ ਕਰਨਾ ਪਿਆ, ਜਦ ਕੇਵਲ ਸਿੰਘ ਢਿੱਲੋਂ ਅਤੇ ਕਾਲਾ ਢਿੱਲੋਂ ਦੇ ਸਮੱਰਥਕਾਂ ਨੇ ਮੰਤਰੀ ਦੀ ਸਟੇਜ ’ਤੇ ਹਾਜ਼ਰੀ ’ਚ ਪੰਡਾਲ ’ਚ ਇੱਕ ਦੂਜੇ ਖਿਲਾਫ਼ ਸ਼ਬਦੀ ਤਲਵਾਰਾਂ ਕੱਢ ਲਈਆਂ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਖੁਦ ਮਾਇਕ ਫੜ ਕੇ ਕੇਵਲ ਢਿੱਲੋਂ ਅਤੇ ਕਾਲਾ ਢਿੱਲੋਂ ਦੇ ਸਮੱਰਥਕਾਂ ਨੂੰ ਚੁੱਪ ਰਹਿਣ ਦੀ ਹਦਾਇਤ ਤੱਕ ਵੀ ਕਰ ਦਿੱਤੀ ਪ੍ਰੰਤੂ ਕਿਸੇ ਉੱਪਰ ਕੈਬਨਿਟ ਮੰਤਰੀ ਦੀ ਹਦਾਇਤ ਦਾ ਰੱਤੀ ਭਰ ਵੀ ਅਸਰ ਨਾ ਹੋਇਆ। ਕਾਂਗਰਸੀ ਵਰਕਰਾਂ ਦੀ ਹੁੱਲੜਬਾਜ਼ੀ ਅੱਗੇ ਵਧ ਕੇ ਇੱਕ ਦੂਜੇ ਦੇ ਗਲ ’ਚ ਹੱਥ ਪਾਉਣ ਤੱਕ ਪੁਜੀ ਸੀ ਪ੍ਰੰਤੂ ਕੁੱਝ ਸਾਂਝੇ ਵਰਕਰਾਂ ਨੇ ਅੱਗੇ ਹੋ ਕੇ ਸਥਿਤੀ ਨੂੰ ਹੱਥੋਪਾਈ ਤੱਕ ਪੁੱਜਣ ਤੋਂ ਬਚਾਅ ਲਿਆ। ਪਰ ਇਸ ਦੇ ਬਾਵਜੂਦ ਵੀ ਟਕਸਾਲੀ ਕਾਂਗਰਸੀਆਂ ਨੇ ‘ਕੇਵਲ ਢਿੱਲੋਂ ਗੋ ਬੈਕ’ ਅਤੇ ਕੇਵਲ ਢਿੱਲੋਂ ਦੇ ਸਮੱਰਥਕਾਂ ਨੇ ‘ਕਾਲਾ ਢਿੱਲੋਂ ਮੁਰਦਾਬਾਦ’ ਦੇ ਨਾਅਰੇ ਲਾਏ।

ਬਾਕਸ ਆਈਟਮ –
ਕਾਂਗਰਸ ਹਾਈਕਮਾਨ ਦੇ ਹੁਕਮਾਂ ’ਤੇ ਜ਼ਿਲਿਆਂ ਦੇ ਇੰਚਾਰਜ਼ ਮੰਦਰੀ ਵਿਧਾਨ ਸਭਾ ਹਲਕਿਆਂ ’ਚ ਜਾ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ ਤਾਂ ਜੋ ਟਿਕਟਾਂ ਦੇ ਫੈਸਲੇ ਤੋਂ ਪਹਿਲਾਂ ਬਗਾਵਤ ਦੀਆਂ ਸੁਲਗ ਰਹੀਆਂ ਚਿੰਗਾਰੀਆਂ ਨੂੰ ਠੰਡਾ ਕੀਤਾ ਜਾ ਸਕੇ। ਇਸੇ ਲੜੀ ਤਹਿਤ ਸਥਾਨਕ ਰੈਸਟ ਹਾਊਸ ਵਿੱਚ ਵਿਧਾਨ ਸਭਾ ਹਲਕਾ ਬਰਨਾਲਾ ਦੇ ਆਗੂਆਂ/ਵਰਕਰਾਂ ਦੀ ਮੀਟਿੰਗ ਰੱਖੀ ਗਈ ਸੀ। ਕੇਵਲ ਸਿੰਘ ਢਿੱਲੋਂ ਧੜੇ ਨੂੰ ਮੀਟਿੰਗ ਵਿੱਚ ਪੈਦਾ ਹੋਣ ਵਾਲੇ ਹਾਲਾਤਾਂ ਬਾਰੇ ਪਹਿਲਾਂ ਹੀ ਜਾਣਕਾਰੀ ਸੀ। ਇਸ ਲਈ ਕੇਵਲ ਸਿੰਘ ਢਿੱਲੋਂ ਦੇ ਧੜੇ ਦੇ ਬਹੁਗਿਣਤੀ ਵਰਕਰ ਕਾਲਾ ਢਿੱਲੋਂ ਦੇ ਵਰਕਰਾਂ ਤੋਂ ਪਹਿਲਾਂ ਰੈਸਟ ਹਾਊਸ ਅੰਦਰ ਪੁੱਜ ਗਏ। ਪ੍ਰੰਤੂ ਜਦ ਕਾਲਾ ਢਿੱਲੋਂ ਦੇ ਸਮੱਰਥਕ ਰੈਸਟ ਹਾਊਸ ਪੁੱਜੇ ਤਾਂ ਉਨਾਂ ਨੂੰ ਬਾਹਰਲੇ ਮੇਨ ਗੇਟ ਉੱਪਰ ਹੀ ਰੋਕ ਲਿਆ ਗਿਆ ਅਤੇ ਮੌਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਆਪਣੇ ਹੱਥ ’ਚ ਫੜੀ ਲਿਸਟ ਦੇਖ ਕੇ ਕਿਹਾ ਕਿ ‘ਤੁਹਾਡਾ ਇਸ ਸੂਚੀ ਵਿੱਚ ਨਾਂਅ ਨਹੀ ਹੈ’। ਜਿਸ ਤੋਂ ਭੜਕੇ ਕਾਲਾ ਢਿੱਲੋਂ ਦੇ ਸਮੱਰਥਕਾਂ ਨੇ ਕੇਵਲ ਸਿੰਘ ਢਿੱਲੋਂ ਖਿਲਾਫ਼ ਰੈਸਟ ਹਾਊਸ ਦੇ ਗੇਟ ਅੱਗੇ ਹੀ ਦਰੀਆਂ ਵਿਛਾ ਕੇ ਧਰਨਾ ਲਗਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਕਾਲਾ ਢਿੱਲੋਂ ਦੇ ਸਮੱਰਥਕਾਂ ਦਾ ਕਹਿਣਾ ਸੀ ਕਿ ਪੁਲਿਸ ਮੁਲਾਜ਼ਮਾਂ ਦੇ ਹੱਥ ’ਚ ਫੜੀ ਸੂਚੀ ਕੇਵਲ ਸਿੰਘ ਢਿੱਲੋਂ ਵੱਲੋਂ ਬਣਾਈ ਗਈ ਹੈ ਤਾਂ ਜੋ ਕਾਲਾ ਢਿੱਲੋਂ ਦੇ ਸਮੱਰਥਕ ਬਰਨਾਲਾ ਹਲਕੇ ਦੀ ਜ਼ਮੀਨੀ ਹਕੀਕਤ ਬਾਰੇ ਮੰਤਰੀ ਨੂੰ ਨਾ ਦੱਸ ਸਕਣ।

ਬਾਕਸ ਆਈਟਮ –
ਰੈਸਟ ਹਾਊਸ ’ਚ ਢਿੱਲੋਂ ਬਨਾਮ ਢਿੱਲੋਂ ਖੜਕਣ ਵਾਲੀਆਂ ਸ਼ਬਦੀ ਤਲਵਾਰਾਂ ਦੀ ਜਾਣਕਾਰੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ। ਇਸ ਲਈ ਮੰਤਰੀ ਰੈਸਟ ਹਾਊਸ ਪੁੱਜਣ ਤੋਂ ਪਹਿਲਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਪੁੱਜੇ। ਭਰੋਸੇਯੋਗ ਸੂਤਰਾਂ ਅਨੁਸਾਰ ਇੱਥੇ ਕੇਵਲ ਸਿੰਘ ਢਿੱਲੋਂ ਅਤੇ ਕਾਲਾ ਢਿੱਲੋਂ ਨੂੰ ਮੀਟਿੰਗ ਦੌਰਾਨ ਸਥਿਤੀ ਸਾਂਤਮਈ ਬਣਾਉਣ ਲਈ ਕਿਹਾ ਗਿਆ ਅਤੇ ਆਪਣੇ ਆਪਣੇ ਵਰਕਰਾਂ ਨੂੰ ਕੰਟਰੋਲ ’ਚ ਰੱਖਣ ਦੀ ਹਦਾਇਤ ਵੀ ਕੀਤੀ ਗਈ ਸੀ। ਮੰਤਰੀ ਵੱਲੋਂ ਦਿੱਤੀ ਇਸ ਹਦਾਇਤ ਦੀ ਤਸਦੀਕ ਉਸ ਵੇਲੇ ਹੋਈ ਜਦ ਪੰਡਾਲ ’ਚ ਰੌਲਾ ਪੈਣ ਤੋਂ ਬਾਅਦ ਮੰਤਰੀ ਨੇ ਖੁਦ ਮਾਇਕ ਸੰਭਾਲਦਿਆਂ ਕਾਲਾ ਢਿੱਲੋਂ ਨੂੰ ਕਿਹਾ ਕਿ ‘ਤੇਰੇ ਨਾ ਮੇਰੀ ਗੱਲ ਕੀ ਹੋਈ ਸੀ’। ਜਿਸ ਤੋਂ ਸਪੱਸ਼ਟ ਹੈ ਕਿ ਮੰਤਰੀ ਦੀ ਕਾਲਾ ਢਿੱਲੋਂ ਨਾਲ ਇਹੋ ਗੱਲ ਹੋਈ ਸੀ ਕਿ ਉਹ ਆਪਣੇ ਸਮੱਰਥਕਾਂ ਨੂੰੂ ਕਾਬੂ ਵਿੱਚ ਰੱਖੇ। ਪੰਡਾਲ ’ਚ ਕਾਂਗਰਸੀ ਵਰਕਰਾਂ ਦੀ ਮਿਹਣੋ-ਮਿਹਣੀ ਦੌਰਾਨ ਮੰਤਰੀ ਨੇ ਬੜੀ ਢੀਠਤਾਈ ਨਾਲ ਮਾਇਕ ’ਤੇ ਇਹ ਵੀ ਆਖ ਦਿੱਤਾ ਕਿ ਇਹੋ ਜਿਹਾ ਘਮਸਾਣ ਉੱਪਰ (ਹਾਈਕਮਾਨ) ’ਚ ਵੀ ਪਿਆ ਹੋਇਆ ਹੈ। ਕੁੱਲ ਮਿਲਾ ਕੇ ਕਾਂਗਰਸ ਪਾਰਟੀ ਦੀ ਮੀਟਿੰਗ ਕੇਵਲ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਸਮੱਰਥਕਾਂ ਵਿਚਕਾਰ ਸਿਆਸੀ ਤਾਹਨਿਆਂ ਦੀ ਭੇਂਟ ਚੜ ਗਈ ਅਤੇ ਮੰਤਰੀ ਜਿਹੋ ਜਿਹੇ ਆਏ ਸੀ ਉਹੋ ਜਿਹੇ ਹੀ ਮੁੜ ਗਏ।
ਫੋਟੋ ਕੈਪਸ਼ਨ : 1. ਆਪਸ ਵਿੱਚ ਮੇਹਣੋ-ਮੇਹਣੀ ਹੁੰਦੇ ਹੋਏ ਕੇਵਲ ਸਿੰਘ ਢਿੱਲੋਂ ਤੇ ਕਾਲਾ ਢਿੱਲੋਂ ਦੇ ਸਮਰਥਕ
- ਮੀਟਿੰਗ ਦੌਰਾਨ ਭੜਕੇ ਕਾਂਗਰਸੀ ਵਰਕਰਾਂ ਨੂੰ ਸਾਂਤ ਕਰਦੇ ਹੋਏ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ।
- ਮੀਟਿੰਗ ਵਿੱਚ ਸ਼ਾਮਲ ਕਾਂਗਰਸੀ ਆਗੂ/ਵਰਕਰ।
- ਮੇਨ ਗੇਟ ’ਤੇ ਪੁਲਿਸ ਵੱਲੋਂ ਰੋਕੇ ਹੋਏ ਕਾਲਾ ਢਿੱਲੋਂ ਦੇ ਸਮਰਥਕ
