-ਐਸਪੀ ਦੀ ਬਦਜ਼ੁਬਾਨੀ ਤੋਂ ਭੜਕੇ ਪੱਤਰਕਾਰ, ਐਸਪੀ ਤੋਂ ਕੀਤੀ ਮੁਆਫ਼ੀ ਦੀ ਮੰਗ
ਬਰਨਾਲਾ, 09 ਨਵੰਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਬਰਨਾਲਾ ਫੇਰੀ ਦੌਰਾਨ ਉਸ ਵੇਲੇ ਸਥਿਤੀ ਤਨਾਅਪੂਰਣ ਹੋ ਗਈ ਜਦ ਹਲਕਾ ਭਦੌੜ ਤੋਂ ਦਲ ਬਦਲ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਵਿਧਾਇਕ ਪਿਰਮਲ ਸਿੰਘ ਧੌਲਾ ਦੇ ਨਿੱਜ਼ੀ ਪੀਏ ਨੇ ਇੱਕ ਪੱਤਰਕਾਰ ਨਾਲ ਬਦਸਲੂਕੀ ਕਰਦੇ ਹੋਏ ਉਸ ਦਾ ਮੋਬਾਇਲ ਫੋਨ ਖੋਹ ਲਿਆ। ਘਟਨਾ ਦੇ ਵੇਰਵੇ ਅਨੁਸਾਰ ਸਥਾਨਕ ਰੈਸਟ ਹਾਊਸ ਵਿੱਚ ਕਾਂਗਰਸੀ ਆਗੂਆ/ਵਰਕਰਾਂ ਦੀ ਮੀਟਿੰਗ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਰੱਖੀ ਹੋਈ ਸੀ। ਇਸ ਮੀਟਿੰਗ ਵਿੱਚ ਬਰਨਾਲਾ ਜ਼ਿਲਾ ਕਾਂਗਰਸ ’ਚ ਧੜੇਬੰਦੀ ਹੋਣ ਕਾਰਨ ਕੁੱਝ ਚੋਣਵੇਂ ਆਗੂਆਂ ਨੂੰ ਹੀ ਮੀਟਿੰਗ ਲਈ ਰੈਸਟ ਹਾਊਸ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਜਦ ਕਿ ਬਹੁਤੇ ਸੀਨੀਅਰ ਆਗੂਆਂ ਨੂੰ ਵੀ ਪੁਲਿਸ ਮੁਲਾਜ਼ਮਾਂ ਨੇ ਮੇਨ ਗੇਟ ’ਤੇ ਹੀ ਰੋਕੀ ਰੱਖਿਆ। ਜਦ ਹਲਕਾ ਭਦੌੜ ਦੇ ਇੱਕ ਕਾਂਗਰਸੀ ਆਗੂ ਨੂੰ ਰੈਸਟ ਹਾਊਸ ਦੇ ਮੇਨ ਗੇਟ ’ਤੇ ਪੁਲਿਸ ਮੁਲਾਜਮਾਂ ਨੂੰ ਕਾਫ਼ੀ ਸਮਾਂ ਰੋਕ ਕੇ ਰੱਖਿਆ ਤਾਂ ਗੁੱਸੇ ਵਿੱਚ ਆ ਕੇ ਸੰਬੰਧਿਤ ਆਗੂ ਨੇ ਪਾਰਟੀ ਵੱਲੋਂ ਜਾਰੀ ਕੀਤਾ ਅਹੁਦੇਦਾਰੀ ਦਾ ਕਾਰਡ ਪਾੜ ਕੇ ਮੌਕੇ ’ਤੇ ਵਿਧਾਇਕ ਪਿਰਮਲ ਸਿੰਘ ਧੌਲਾ ਵੱਲ ਵਗਾਹ ਕੇ ਮਾਰਿਆ। ਇਸ ਦੌਰਾਨ ਵਿਧਾਇਕ ਅਤੇ ਉਸ ਕਾਂਗਰਸੀ ਆਗੂ ਵਿਚਕਾਰ ਤੂੰ-ਤੂੰ, ਮੈਂ-ਮੈਂ ਵੀ ਹੋਈ। ਜਿਸ ਦੀ ਮੌਕੇ ’ਤੇ ਇੱਕ ਪੱਤਰਕਾਰ ਆਪਣੇ ਮੋਬਾਇਲ ਨਾਲ ਵੀਡੀਓ ਬਣਾ ਰਿਹਾ ਸੀ। ਵਿਧਾਇਕ ਧੌਲਾ ਦੇ ਨਿੱਜੀ ਪੀਏ ਨੇ ਉਸ ਪੱਤਰਕਾਰ ਨੂੰ ਧੱਕੇ ਮਾਰੇ ਅਤੇ ਉਸਦਾ ਮੋਬਾਇਲ ਖੋਹ ਲਿਆ। ਜਿਸ ਤੋਂ ਬਾਅਦ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਰੈਸਟ ਹਾਊਸ ਦੇ ਮੇਨ ਗੇਟ ’ਤੇ ਹੀ ਧਰਨਾ ਲਗਾ ਦਿੱਤਾ। ਪੱਤਰਕਾਰਾਂ ਦੀ ਮੰਗ ਸੀ ਕਿ ਵਿਧਾਇਕ ਧੌਲਾ ਮੁਆਫ਼ੀ ਮੰਗੇ ਅਤੇ ਉਸ ਦੇ ਪੀਏ ਖਿਲਾਫ਼ ਬਣਦੀ ਪੁਲਿਸ ਕਾਰਵਾਈ ਕੀਤੀ ਜਾਵੇ। ਮੌਕੇ ’ਤੇ ਹਾਜ਼ਰ ਪੁਲਿਸ ਪ੍ਰਸ਼ਾਸਨ ਪੱਤਰਕਾਰਾਂ ਦੇ ਧਰਨੇ ਨੂੰ ਹਲਕੇ ’ਚ ਲਿਆ। ਜਿਸ ਤੋਂ ਪੱਤਰਕਾਰਾਂ ਦਾ ਰੋਸ ਹੋਰ ਵਧ ਗਿਆ ਅਤੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਪੰਜਾਬ ਸਰਕਾਰ, ਕੇਵਲ ਸਿੰਘ ਢਿੱਲੋਂ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬਰਨਾਲਾ ਵਿਖੇ ਨਵੇਂ ਆਏ ਐਸਪੀ ਗੁਰਬਾਜ਼ ਸਿੰਘ ਨੇ ਧਰਨੇ ’ਤੇ ਬੈਠੇ ਪੱਤਰਕਾਰਾਂ ਨੂੰ ਉਠਣ ਦੀ ਚੇਤਾਵਨੀ ਦਿੱਤੀ ਜਾਂ ਸਿੱਟੇ ਭੁਗਤਣ ਦੀ ਧਮਕੀ ਦਿੰਦੇ ਹੋਏ ਕਿਹਾ ਕਿ ‘ਮੈਂ ਤੁਹਾਨੂੰ ਦੋ ਮਿੰਟ ’ਚ ਉਠਾ ਦੇਵਾਂਗਾ’। ਪੁਲਿਸ ਅਫ਼ਸਰ ਦੀ ਬਦਸਲੂਕੀ, ਬਦਜੁਬਾਨ ਤੋਂ ਪੱਤਰਕਾਰਾਂ ਦਾ ਰੋਸ ਸੱਤਵੇਂ ਅਸਮਾਨ ’ਤੇ ਚੜ ਗਿਆ। ਜਿਸ ਤੋਂ ਬਾਅਦ ਪ੍ਰਸ਼ਾਸਨ ਲਈ ਵੀ ਸਥਿਤੀ ਕਾਬੂ ’ਚੋਂ ਬਾਹਰ ਹੋ ਗਈ। ਦੂਜੇ ਪਾਸੇ ਵੱਡੀ ਗਿਣਤੀ ’ਚ ਕਿਸਾਨ ਜਥੇਬੰਦੀਆਂ ਦੇ ਵਰਕਰ ਮਹਿਲਾਵਾਂ ਸਮੇਤ ਪੱਤਰਕਾਰਾਂ ਦੀ ਹਮਾਇਤ ’ਤੇ ਰੈਸਟ ਹਾਊਸ ਦੇ ਨੇੜੇ ਪੁੱਜ ਗਏ। ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਤੇ ਐਸਐਸਪੀ ਮੈਡਮ ਅਲਕਾ ਮੀਨਾ ਨੇ ਖੁਦ ਧਰਨੇ ’ਚ ਪੁੱਜ ਕੇ ਪੱਤਰਕਾਰਾਂ ਤੋਂ ਐਸਪੀ ਗੁਰਬਾਜ਼ ਸਿੰਘ ਦੀ ਬਦਸਲੂਕੀ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਰੈਸਟ ’ਚ ਬੰਦ ਕੀਤੇ ਕੈਬਨਿਟ ਮੰਤਰੀ ਦੀ ਜਾਨ ਛੁੱਟੀ। ਪੱਤਰਕਾਰ ਭਾਈਚਾਰੇ ਨੇ ਮੰਤਰੀ ਨੂੰ ਤਾਂ ਭਾਂਵੇ ਜਾਣ ਦਿੱਤਾ ਪ੍ਰੰਤੂ ਐਸਪੀ ਵੱਲੋਂ ਕੀਤੀ ਧੱਕੇਸ਼ਾਹੀ /ਬਦਸਲੂਕੀ ਦਾ ਮਾਮਲਾ ਅਜੇ ਠੰਡਾ ਨਹੀ ਹੋਇਆ। ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਦੀ ਬੁੱਧਵਾਰ ਵਿਸ਼ੇਸ਼ ਮੀਟਿੰਗ ਬੁਲਾ ਲਈ ਹੈ। ਉਕਤ ਮਾਮਲੇ ’ਚ ਪੱਤਰਕਾਰ ਜਥੇਬੰਦੀਆਂ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਬੰਧਿਤ ਐਸਪੀ ਆਪਣੇ ਮਾੜੇ ਵਿਵਹਾਰ ਲਈ ਮੁਆਫ਼ੀ ਮੰਗਦੇ ਹਨ ਤਾਂ ਮਾਮਲਾ ਸਾਂਤ ਸਮਝਿਆ ਜਾਵੇ, ਨਹੀਂ ਤਾਂ ਪੁਲਿਸ ਪ੍ਰਸ਼ਾਸਨ ਖਿਲਾਫ਼ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਸਖਤ ਫੈਸਲਾ ਲਿਆ ਜਾਵੇਗਾ।
ਫੋਟੋ ਕੈਪਸ਼ਨ : 1. ਧਰਨੇ ’ਤੇ ਬੈਠਾ ਪੱਤਰਕਾਰ ਭਾਈਚਾਰਾ।
- ਰੈਸਟ ਹਾਊਸ ਦੇ ਮੇਨਗੇਟ ਦੇ ਅੰਦਰ ਬਾਹਰ ਤਾਇਨਾਤ ਪੁਲਿਸ।