ਬਰਨਾਲਾ, 10 ਨਵੰਬਰ (ਨਿਰਮਲ ਸਿੰਘ ਪੰਡੋਰੀ) : ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 15 ਦਿਨਾਂ ਵਿੱਚ ਇਨਸਾਫ ਦੇਣ ਦਾ ਭਰੋਸਾ ਟੁੱਟਣ ਤੋਂ ਬਾਅਦ ਪੀਆਰਟੀਸੀ ਦਾ ਨੌਕਰੀ ਤੋਂ ਫਾਰਗ ਕੀਤਾ ਅੰਗਹੀਣ ਮੁਲਾਜ਼ਮ ਕੁਲਦੀਪ ਸਿੰਘ ਢਿੱਲਵਾਂ ਸਥਾਨਕ ਬੱਸ ਅੱਡੇ ਨੇੜੇ ਪੀਆਰਟੀਸੀ ਦੀ ਵਰਕਸਾਪ ਵਿੱਚ ਪਾਣੀ ਵਾਲੀ ਟੈਂਕੀ ਉੱਪਰ ਚੜ ਗਿਆ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਨੂੰ ਮਹਿਕਮੇ ਨੇ ਟਿਕਟ ਕੱਟਣ ਵਾਲੀਆਂ ਮਸ਼ੀਨਾਂ ਗੁੰਮ ਹੋਣ ਦੇ ਮਾਮਲੇ ’ਚ ਨੌਕਰੀ ਤੋਂ ਫਾਰਗ ਕੀਤਾ ਹੋਇਆ ਹੈ। ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਕਤ ਮਾਮਲੇ ’ਚ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਬਚਾਅ ਕੇ ਉਸ ਦੇ ਸਿਰ ਠੀਕਰਾ ਭੰਨ ਦਿੱਤਾ, ਪ੍ਰੰਤੂ ਆਪਣੇ ਆਪ ਨੂੰ ਨਿਰਦੋਸ਼ ਮੰਨਦਾ ਹੋਇਆ ਕੁਲਦੀਪ ਸਿੰਘ ਮਹਿਕਮੇ ਦੇ ਫ਼ੈਸਲੇ ਦੇ ਖ਼ਿਲਾਫ਼ ਅਪੀਲਾਂ ਦਰ ਅਪੀਲਾਂ ਕਰ ਰਿਹਾ ਹੈ, ਜਿਸ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਕੁਝ ਦਿਨ ਪਹਿਲਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਬਰਨਾਲਾ ਬੱਸ ਸਟੈਡ ਦੀ ਅਚਨਚੇਤੀ ਚੈਕਿੰਗ ’ਤੇ ਆਏ ਤਾਂ ਕੁਲਦੀਪ ਸਿੰਘ ਨੇ ਪੇਸ਼ ਹੋ ਕੇ ਮੰਤਰੀ ਸਾਹਮਣੇ ਆਪਣਾ ਪੱਖ ਰੱਖਿਆ ਜਿਸ ਤੋਂ ਬਾਅਦ ਮੰਤਰੀ ਨੇ 15 ਦਿਨਾਂ ’ਚ ਇਨਸਾਫ ਦੇਣ ਦਾ ਭਰੋਸਾ ਦਿੱਤਾ ਸੀ। ਮੰਤਰੀ ਵੱਲੋਂ ਦਿੱਤੇ ਭਰੋਸੇ ਦੇ ਬਾਵਜੂਦ ਜਦ ਕੁਲਦੀਪ ਸਿੰਘ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਮੰਗਲਵਾਰ ਸਵੇਰੇ ਆਪਣੀਆਂ ਮੰਗਾਂ ਮਨਵਾਉਣ ਲਈ ਪਾਣੀ ਵਾਲੀ ਟੈਂਕੀ ਉੱਪਰ ਜਾ ਚੜਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕੁਲਦੀਪ ਸਿੰਘ ਦਾ ਸੰਪਰਕ ਐਸਐਸਪੀ ਨਾਲ ਕਰਵਾਇਆ ਤਾਂ ਐਸਐਸਪੀ ਨੇ ਭਰੋਸਾ ਦਿੱਤਾ ਕਿ ਸਾਰਾ ਮਾਮਲਾ ਜਨਰਲ ਮੈਨੇਜ਼ਰ ਨਾਲ ਵਿਚਾਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰਵਾਈ ਜਾਵੇਗੀ। ਜਿਸ ਤੋਂ ਬਾਅਦ ਕੁਲਦੀਪ ਸਿੰਘ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰ ਆਇਆ।