ਚੰਡੀਗੜ- ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਨੇ ਗਿ੍ਰਫਤਾਰ ਕਰ ਲਿਆ ਹੈ। ਸ. ਖਹਿਰਾ ਈਡੀ ਦੇ ਦਫ਼ਤਰ ਆਪਣੇ ਬਿਆਨ ਦਰਜ ਕਰਵਾਉਣ ਗਏ ਸਨ ਜਿੱਥੇ ਅਧਿਕਾਰੀਆਂ ਨੇ ਉਨਾਂ ਨੂੰ ਗਿ੍ਰਫਤਾਰ ਕਰ ਲਿਆ। ਦੱਸਣਯੋਗ ਹੈ ਕਿ ਖਹਿਰਾ ਖ਼ਿਲਾਫ਼ ਈਡੀ ਮਨੀਲਾਂਡਰਿੰਗ ਸੰਬੰਧੀ ਜਾਂਚ ਕਰ ਰਹੀ ਹੈ। ਕੁਝ ਮਹੀਨੇ ਪਹਿਲਾਂ ਈਡੀ ਨੇ ਖਹਿਰਾ ਦੀ ਕੋਠੀ ’ਚ ਰੇਡ ਕਰਕੇ ਛਾਣਬੀਣ ਵੀ ਕੀਤੀ ਸੀ। ਸ. ਖਹਿਰਾ ਦੀ ਗਿ੍ਰਫਤਾਰੀ ਨੂੰ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਵਿਧਾਇਕ ਬਣੇ ਸਨ, ਜੋ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ ਪ੍ਰੰਤੂ ਆਪ ਦੀ ਹਾਈਕਮਾਂਡ ਨੇ ਉਨਾਂ ਨੂੰ ਵਿਵਾਦਤ ਤਰੀਕੇ ਨਾਲ ਵਿਰੋਧੀ ਧਿਰ ਦੇ ਨੇਤਾ ਦੇ ਆਹੁਦੋ ਤੋਂ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਖਹਿਰਾ ਨੇ ਆਪਣੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕੀਤਾ । ਪਾਰਟੀ ਦੀ ਅਸਫਲਤਾ ਤੋਂ ਬਾਅਦ ਖਹਿਰਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਕੈਪਟਨ ਅਮਰਿੰਦਰ ਸਿੰਘ ਕੋਲੋ ਮੁੱਖ ਮੰਤਰੀ ਦੀ ਕੁਰਸੀ ਖੁੱਸਣ ਤੋਂ ਬਾਅਦ ਖਹਿਰਾ ਕਾਂਗਰਸ ਵਿੱਚ ਵੀ ਅਲੱਗ-ਥਲੱਗ ਮਹਿਸੂਸ ਕਰ ਰਹੇ ਹਨ।