ਚੰਡੀਗੜ: ਵਿਧਾਨ ਸਭਾ ਚੋਣਾਂ 2022 ’ਚ ਜਿੱਤ ਕੇ ਪੰਜਾਬੀ ਦੀ ਸੱਤਾ ’ਤੇ ਮੁੜ ਕਾਬਜ਼ ਹੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਸਾਰੀਆਂ ਪਾਰਟੀਆਂ ਵੱਲੋਂ ਲੋਕਾਂ ਨੂੰ ਸਿਆਸੀ ਲੌਲੀਪੋਪ ਦਿੱਤੇ ਜਾ ਰਹੇ ਹਨ। ਹਰ ਪਾਰਟੀ ਵੱਲੋਂ ਆਪਣੇ ਲੌਲੀਪੋਪ ਨੂੰ ਦੂਜੇ ਨਾਲੋਂ ਮਿੱਠਾ ਦਰਸਾਉਣ ਲਈ ਤੌਰ ਤਰੀਕੇ ਵਰਤੇ ਜਾ ਰਹੇ ਹਨ। ਹਰ ਵਰਗ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਐਲਾਨ ਕੀਤੇ ਜਾ ਰਹੇ ਹਨ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਕੈਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਧਾਰਮਿਕ ਤੌਰ ’ਤੇ ਜਜ਼ਬਾਤੀ ਕਰਨ ਲਈ ਸਰਕਾਰੀ ਖ਼ਜ਼ਾਨਾ ਖੋਲ ਦਿੱਤਾ ਹੈ । ਬੀਤੇ ਕੱਲ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਭਾਈ ਜੈਤਾ ਜੀ, ਮਹਾਰਾਜਾ ਅਗਰਸੈਨ, ਭਗਵਾਨ ਪਰਸੂਰਾਮ ਅਤੇ ਗੁਰੂ ਰਵਿਦਾਸ਼ ਜੀ ਦੇ ਨਾਮ ’ਤੇ ਚੇਅਰਾਂ ਸਥਾਪਿਤ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ। ਇਸ ਤੋਂ ਇਲਾਵਾ ਸ੍ਰੀਮਦ ਭਗਵਤ ਗੀਤਾ, ਮਹਾਂਭਾਰਤ ਅਤੇ ਰਾਮਾਇਣ ਪਵਿੱਤਰ ਗ੍ਰੰਥਾਂ ਬਾਰੇ ਖੋਜ ਕੇਂਦਰ ਸਥਾਪਤ ਕਰਨ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਵਿਖੇ ਹੱਜ ਭਵਨ ਲਈ 7 ਕਰੋੜ, ਗੁਰਦਾਸਪੁਰ ਵਿਖੇ ਈਸਾਈ ਭਵਨ ਲਈ 10 ਕਰੋੜ ਅਤੇ ਫਗਵਾੜਾ ਨੇੜੇ ਬ੍ਰਾਹਮਣ ਭਵਨ ਲਈ 10 ਕਰੋੜ ਦੇਣ ਦਾ ਐਲਾਨ ਵੀ ਕੀਤਾ।