ਬਰਨਾਲਾ, 12 ਨਵੰਬਰ (ਨਿਰਮਲ ਸਿੰਘ ਪੰਡੋਰੀ) – ਬੀਤੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਸਥਾਨਕ ਰੈਸਟ ਹਾਊਸ ’ਚ ਕਾਂਗਰਸੀ ਆਗੂਆਂ/ਵਰਕਰਾਂ ਨਾਲ ਮੀਟਿੰਗ ਦੌਰਾਨ ਹੁੱਲੜਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਨੇ 10-12 ਕਾਂਗਰਸੀਆਂ ਖਿਲਾਫ਼ ਥਾਣਾ ਸਿਟੀ-2 ਵਿੱਚ ਧਾਰਾ 353, 332, 283, 311, 186, 294, 506, 147, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੁਢਲੀ ਤਫ਼ਤੀਸ ਦੌਰਾਨ ਭਾਵੇਂ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਹੈ ਪ੍ਰੰਤੂ ਉਕਤ ਕੇਸ ਨਾਲ ਜੁੜੀ ਇਹ ਵੀ ਸੱਚਾਈ ਹੈ ਕਿ ਜਿਨਾਂ ਵਿਅਕਤੀਆਂ ਖਿਲਾਫ਼ ਉਕਤ ਧਰਾਵਾਂ ਤਹਿਤ ਮਾਮਲਾ ਦਰਜ ਹੋਇਆ ਹੈ ਉਸ ਸਾਰੇ ਬਰਨਾਲਾ ਦੇ ਜਾਣੇ-ਪਹਿਚਾਣੇ ਕਾਂਗਰਸੀ ਚਿਹਰੇ ਹਨ, ਜਿਹੜੇ ਕੁੱਝ ਸਮੇਂ ਤੋਂ ‘ਨੇਤਾ ਜੀ’ ਦੀ ਮੁਖਾਲਫ਼ਤ ਕਰ ਰਹੇ ਹਨ। ਚਰਚਾ ਇਹ ਵੀ ਹੈ ਕਿ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ‘ਨੇਤਾ ਜੀ’ ਨੇ ਆਪਣਾ ਵਿਰੋਧ ਕਰਨ ਵਾਲੇ ਗੁੱਟ ਦੇ ਕੁੱਝ ਆਗੂਆਂ ਨੂੰ ਉਕਤ ਕਾਰਵਾਈ ਜ਼ਰੀਏ ਕਾਨੂੰਨੀ ਸਿਕੰਜ਼ੇ ਵਿੱਚ ਲੈਕੇ ‘ਟੇਢੀ ਉਂਗਲ ਨਾਲ ਘਿਉ’ ਕੱਢਣ ਦਾ ਯਤਨ ਕੀਤਾ ਹੈ।
ਬਾਕਸ ਆਈਟਮ-
ਹੈਰਾਨੀ ਇਸ ਗੱਲ ਦੀ ਵੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਪੁਲਿਸ ਕਾਰਵਾਈ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਕਿਸੇ ਆਗੂ ਦੇ ਬਿਆਨਾਂ ’ਤੇ ਕਰਨ ਦੀ ਬਜਾਇ ਪੁਲਿਸ ਅਫ਼ਸਰ ਦੇ ਬਿਆਨਾਂ ’ਤੇ ਕੀਤੀ ਗਈ ਹੈ। ਪੁਲਿਸ ਅਫ਼ਸਰ ਦੇ ਬਿਆਨਾਂ ਅਨੁਸਾਰ ਕੁੱਝ ਅਣਪਛਾਤੇ ਵਿਅਕਤੀਆਂ ਨੇ ਕੈਬਨਿਟ ਮੰਤਰੀ ਦੀ ਰੈਸਟ ਹਾਊਸ ਵਿੱਚ ਮੀਟਿੰਗ ਸਮੇਂ ਮੇਨ ਗੇਟ ’ਤੇ ਤਾਇਨਾਤ ਪੁਲਿਸ ਅਫ਼ਸਰਾਂ/ਲੇਡੀਜ਼ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ, ਗੰਦੀਆਂ ਗਾਲਾਂ ਕੱਢੀਆਂ, ਸਰਕਾਰੀ ਡਿਊਟੀ ’ਚ ਵਿਘਨ ਪਾਉਣ ਅਤੇ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਬਾਕਸ ਆਈਟਮ-
ਪੁਲਿਸ ਨੇ ਕੈਬਨਿਟ ਮੰਤਰੀ ਦੀ ਆਮਦ ਦੌਰਾਨ ਹੁੱਲੜਬਾਜ਼ੀ ਦੇ ਦੋਸ਼ਾਂ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਇਸ ਲਈ ਹੁਣ ਪੁਲਿਸ ਦੇ ਕੈਮਰੇ ਅਤੇ ਮੋਬਾਇਲਾਂ ’ਚੋਂ ਉਕਤ ਵਿਅਕਤੀਆਂ ਦੀਆਂ ਤਸਵੀਰਾਂ ਦੀ ਸਨਾਖ਼ਤ ਕਰਕੇ ਉਨਾਂ ਨੂੰ ਇਸ ਪਰਚੇ ਵਿੱਚ ਨਾਮਜ਼ਦ ਕੀਤਾ ਜਾਵੇਗਾ। ਪੁਲਿਸ ਕਾਰਵਾਈ ਤੋਂ ਬਾਅਦ ਜ਼ਿਲ੍ਹੇ ਦੇ ਕੁੱਝ ਸੀਨੀਅਰ ਕਾਂਗਰਸੀ ਆਗੂਆਂ ਦੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਖੰਭ ਲਾ ਕੇ ਉੱਡ ਗਿਆ ਹੈ ਕਿਉਂਕਿ ਉਕਤ ਮਾਮਲੇ ’ਚ ਕਿਸੇ ਸਮੇਂ ਵੀ ਕਿਸੇ ਦੀ ਵੀ ਗਿ੍ਰਫਤਾਰੀ ਸੰਭਵ ਹੈ। ਸਿਆਸੀ ਹਲਕਿਆਂ ’ਚ ਚਰਚਾ ਇਹ ਵੀ ਹੈ ਕਿ ਉਕਤ ਕਾਰਵਾਈ ‘ਬਿਨਾਂ ਹਵਾ ਪਤੰਗ ਉਡਾਉਣ’ ਵਾਂਗ ਹੈ ਕਿਉਂਕਿ ਇਹ ਮਾਮਲਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕਚਿਹਰੀ ’ਚ ਵੀ ਪੁੱਜ ਚੁੱਕਾ ਹੈ।