- ਮਾਮਲਾ ਬਰਨਾਲਾ ‘ ਚ ਅਣਪਛਾਤੇ ਕਾਂਗਰਸੀਆਂ ‘ਤੇ ਦਰਜ ਹੋਏ ਕੇਸ ਦਾ
ਬਰਨਾਲਾ , 14 ਨਵੰਬਰ ( ਨਿਰਮਲ ਸਿੰਘ ਪੰਡੋਰੀ ) : ਬੀਤੇ ਦਿਨੀ ਸਥਾਨਕ ਰੈਸਟ ਹਾਊਸ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਰੱਖੀ ਮੀਟਿੰਗ ਦੌਰਾਨ ਅਣਪਛਾਤੇ ਕਾਂਗਰਸੀ ਵਰਕਰਾਂ ਉਪਰ ਹੁੱਲੜਬਾਜੀ ਅਤੇ ਹੋਰ ਦੋਸਾਂ ਤਹਿਤ ਦਰਜ ਹੋਏ ਮੁੱਕਦਮੇ ਤੋਂ ਬਾਅਦ ਬਰਨਾਲਾ ਦੀ ਕਾਂਗਰਸ ਸਿਆਸਤ ਜੇਠ – ਹਾੜ ਦੀਆਂ ਧੁੱਪਾਂ ਵਾਂਗੂੰ ਮਘ ਰਹੀ ਹੈ । ਉਕਤ ਮਾਮਲੇ ਵਿੱਚ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਹੇਠ ਟਕਸਾਲੀ ਕਾਂਗਰਸੀਆਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਅਣਪਛਾਤੇ ਕਾਂਗਰਸੀ ਵਰਕਰਾਂ ਉਪਰ ਪੁਲਿਸ ਵੱਲੋਂ ਦਰਜ ਕੇਸ ਉਪਰ ਸਵਾਲ ਚੁੱਕੇ । ਇਸ ਮੌਕੇ ਕਾਲਾ ਢਿੱਲੋਂ ਨੇ ਕਿਹਾ ਕਿ ਕੈਬਨਿਟ ਮੰਤਰੀ ਦੀ ਮੀਟਿੰਗ ਦੌਰਾਨ ਰੈਸਟ ਹਾਊਸ ਵਿੱਚ ਅਜਿਹਾ ਕੋਈ ਕਾਂਗਰਸੀ ਆਗੂ / ਵਰਕਰ ਨਹੀ ਸੀ ਜਿਸ ਨੂੰ ਸਥਾਨਕ ਪੁਲਿਸ ਪ੍ਰਸਾਸਨ ਨਾ ਜਾਣਦਾ ਹੋਵੇ, ਇਸ ਲਈ ਅਣਪਛਾਤੇ ਕਾਂਗਰਸੀਆਂ ਸਬੰਧੀ ਦਰਜ ਐਫ.ਆਈ.ਆਰ. ਝੂਠ ਦਾ ਪੁਲੰਦਾ ਹੈ । ਕਾਲਾ ਢਿੱਲੋਂ ਨੇ ਦਾਅਵਾ ਕੀਤਾ ਕਿ ਜੇਕਰ ਮੌਕੇ ‘ ਤੇ ਉਨਾਂ ਨਾਲ ਗਏ ਕਿਸੇ ਵੀ ਕਾਂਗਰਸੀ ਵਰਕਰ ਨੇ ਪੁਲਿਸ ਅਫਸਰ / ਮੁਲਾਜ਼ਮ ਨਾਲ ਬਦਸਲੂਕੀ ਕੀਤੀ ਹੋਵੇ , ਧੱਕੇ ਮਾਰੇ ਹੋਣ ਤਾਂ ਉਹ ਇਸ ਸਬੰਧੀ ਹਰ ਸਜ਼ਾ ਭੁਗਤਣ ਲਈ ਤਿਆਰ ਹਨ । ਸ੍ਰੀ ਢਿੱਲੋਂ ਨੇ ਇਹ ਵੀ ਕਿਹਾ ਕਿ ਉਕਤ ਮੀਟਿੰਗ ਨੂੰ ਸਰਕਾਰੀ ਸਮਾਗਮ ਜਾਂ ਚੁਣੇ ਹੋਏ ਨੁਮਾਇੰਦਿਆਂ ਦਾ ਸਮਾਗਮ ਕਹਿਣਾ ਵੀ ਗਲਤ ਹੈ ਕਿਉਂਕਿ ਸਮਾਗਮ ‘ ਚ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਨਾਲ ਵੱਡੀ ਗਿਣਤੀ ‘ ਚ ਆਮ ਵਰਕਰ ਵੀ ਹਾਜ਼ਰ ਸਨ ਅਤੇ ਮੰਚ ਦਾ ਸੰਚਾਲਨ ਵੀ ਇੱਕ ਅਜਿਹੇ ਵਿਅਕਤੀ ਨੇ ਕੀਤਾ ਜੋ ਕਿਸੇ ਵੀ ਲੋਕਤੰਤਰ ਬਾਡੀ ਦਾ ਮੈਂਬਰ ਨਹੀ ਹੈ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਦੇਵ ਸਿੰਘ ਲੀਲਾ ਬਾਜਵਾ, ਐਡਵੋਕੇਟ ਜਤਿੰਦਰ ਬਹਾਦਰਪੁਰੀਆ, ਮਹੇਸ ਕੁਮਾਰ ਲੋਟਾ, ਬਲਦੇਵ ਸਿੰਘ ਭੁੱਚਰ , ਸੁਖਵਿੰਦਰ ਸਿੰਘ ਕਲਕੱਤਾ , ਮਹਿੰਦਰਪਾਲ ਸਿੰਘ ਪੱਖੋ ਤੇ ਸੂਰਤ ਸਿੰਘ ਬਾਜਵਾ ਨੇ ਕਿਹਾ ਕਿ ਕੈਬਨਿਟ ਮੰਤਰੀ ਦੀ ਰੈਸਟ ਹਾਊਸ ਵਿਖੇ ਮੀਟਿੰਗ ਦੌਰਾਨ ਲੰਮੇ ਸਮੇਂ ਤੋਂ ਬਰਨਾਲਾ ਜ਼ਿਲੇ ‘ ਚ ਕਾਂਗਰਸ ਪਾਰਟੀ ਨੂੰ ਬਚਾਉਣ ਲਈ ਜੱਦੋ – ਜਹਿਦ ਕਰ ਰਹੇ ਟਕਸਾਲੀ ਕਾਂਗਰਸੀਆਂ ਨੂੰ ਹੀ ਅੰਦਰ ਜਾਣ ਤੋਂ ਰੋਕਿਆ ਗਿਆ ਅਤੇ ਇਸ ਸਬੰਧੀ ਇੱਕ ਸੂਚੀ ਵੀ ਰੈਸਟ ਹਾਊਸ ਦੇ ਇੱਕ ਮੇਨ ਗੇਟ ‘ ਤੇ ਪੁਲਿਸ ਮੁਲਾਜਮਾਂ ਨੂੰ ਦਿੱਤੀ ਗਈ , ਜਿਹੜੀ ਕੇਵਲ ਸਿੰਘ ਢਿੱਲੋਂ ਨੇ ਤਿਆਰ ਕੀਤੀ ਸੀ । ਉਕਤ ਆਗੂਆਂ ਨੇ ਕਿਹਾ ਕਿ ਇਹ ਮੀਟਿੰਗ ਹਲਕੇ ਵਿਚ ਕਾਂਗਰਸ ਪਾਰਟੀ ਦੇ ਜਨਅਧਾਰ ਸਬੰਧੀ ਚਰਚਾ ਕਰਨ ਲਈ ਰੱਖੀ ਗਈ ਸੀ , ਜਿਸ ਵਿੱਚ ਕਾਂਗਰਸ ਦੀ ਕੇਂਦਰੀ ਕਮੇਟੀ ਤੋਂ ਸੀਨੀਅਰ ਆਗੂ ਵੀ ਸ਼ਾਮਲ ਹੋਏ ਸਨ । ਇਸ ਲਈ ਇਸ ਮੀਟਿੰਗ ਨੂੰ ਸਰਕਾਰੀ ਸਮਾਗਮ ਕਹਿ ਕੇ ਕਾਂਗਰਸ ਹਾਈਕਮਾਂਡ ਦੇ ਅੱਖੀ ਘੱਟਾ ਪਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਉਹ ਹਮੇਸਾ ਕਾਂਗਰਸ ਪਾਰਟੀ ਨਾਲ ਖੜੇ ਸਨ , ਖੜੇ ਹਨ ਅਤੇ ਖੜੇ ਹੀ ਰਹਿਣਗੇ ਪ੍ਰੰਤੂ ਜੇਕਰ ਪਾਰਟੀ ਬਰਨਾਲਾ ਹਲਕੇ ਤੋਂ ਟਕਸਾਲੀ ਕਾਂਗਰਸੀਆਂ ਦੀ ਭਾਵਨਾਵਾਂ ਦੇ ਉਲਟ ਕਿਸੇ ਨੂੰ ਟਿਕਟ ਦਿੰਦੀ ਹੈ ਤਾਂ ਉਹ ਆਜ਼ਾਦ ਉਮੀਦਵਾਰ ਵੀ ਖੜਾ ਕਰਨਗੇ ਅਤੇ ਅਣਪਛਾਤੇ ਕਾਂਗਰਸੀਆਂ ਵਿਰੁੱਧ ਦਰਜ ਮੁਕੱਦਮੇ ਅਨੁਸਾਰ ਸ਼ਹਿਰ ਦੇ ਇੱਜ਼ਤਦਾਰ ਵਿਅਕਤੀਆਂ ਦੇ ਹੁਲੀਏ ਪ੍ਰਗਟ ਕਰਨ ਕਰਕੇ ਉਨਾਂ ਦੇ ਵੱਕਾਰ ਨੂੰ ਠੇਸ ਪੁੱਜੀ ਹੈ ਜਿਸ ਦੇ ਖ਼ਿਲਾਫ਼ ਉਹ ਅਦਾਲਤੀ ਚਾਰਾਜੋਈ ਵੀ ਕਰਨਗੇ । ਪ੍ਰੈਸ ਕਾਨਫਰੰਸ ਦੌਰਾਨ ਹਾਜ਼ਰ ਸਾਰੇ ਟਕਸਾਲੀ ਕਾਂਗਰਸੀ ਆਗੂਆਂ ਨੇ ਹਾਈਕਮਾਂਡ ਤੋਂ ਮੰਗ ਕੀਤੀ ਕਿ ਬਰਨਾਲਾ ਦੇ ਥਾਣਾ ਸਿਟੀ -2 ’ ਚ ਅਣਪਛਾਤੇ ਕਾਂਗਰਸੀਆਂ ‘ ਤੇ ਦਰਜ ਹੋਏ ਪਰਚੇ ਦੀ ਜਾਂਚ ਕਰਵਾ ਕੇ ਸਿਆਸੀ ਦਬਾਅ ਅਧੀਨ ਬਿਆਨ ਦੇਣ ਵਾਲੇ ਪੁਲਿਸ ਅਧਿਕਾਰੀਆਂ ’ਤੇ ਵਿਭਾਗੀ ਕਾਰਵਾਈ ਕੀਤੀ ਜਾਵੇ । ਕੁੱਲ ਮਿਲਾ ਕੇ ਅਣਪਛਾਤੇ ਕਾਂਗਰਸੀਆਂ ਉਪਰ ਦਰਜ ਮੁਕੱਦਮੇ ਤੋਂ ਬਾਅਦ ਬਰਨਾਲਾ ਜ਼ਿਲੇ ਦੀ ਕਾਂਗਰਸ ‘ ਚ ਮੱਚ ਰਹੀ ਧੜੇਬੰਦੀ ਦੀ ਅੱਗ ਦੀਆਂ ਲਪਟਾਂ ਹੋਰ ਉੱਚੀਆਂ ਉੱਠੀਆਂ ਹਨ , ਜੇਕਰ ਇਨਾਂ ਲਪਟਾਂ ਨੂੰ ਮੱਠੀਆਂ ਨਾ ਕੀਤਾ ਗਿਆ ਤਾਂ ਇਹ ਅਤਿਕਥਨੀ ਨਹੀ ਕਿ ਬਰਨਾਲਾ ਦੇ ਤਿੰਨੋਂ ਹਲਕਿਆਂ ‘ਚ ਕਾਂਗਰਸ ਪਾਰਟੀ ਸਿਆਸੀ ਤੌਰ ‘ਤੇ ਝੁਲਸ ਸਕਦੀ ਹੈ ।
ਬਾਕਸ ਆਈਟਮ
ਪ੍ਰੈਸ ਕਾਨਫਰੰਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਹੇਸ ਕੁਮਾਰ ਲੋਟਾ ਨੇ ਦੱਸਿਆ ਕਿ ਉਨਾਂ ਵੱਲੋਂ ਰੈਸਟ ਹਾਊਸ ਦੇ ਮੇਨ ਗੇਟ ’ਤੇ ਤਾਇਨਾਤ ਡੀਐਸਪੀ ਅਤੇ ਐਸਐਚਓ ਖ਼ਿਲਾਫ਼ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਵੀ ਦਿੱਤੀ ਗਈ ਹੈ , ਕਿਉਂਕਿ ਡੀਐਸਪੀ ਨੇ ਉਸ ਦੀ ਬਾਂਹ ਮਰੋੜੀ ਅਤੇ ਐਸਐਚਓ ਨੇ ਬਦਸਲੂਕੀ ਕੀਤੀ । ਕਾਨਫਰੰਸ ਦੌਰਾਨ ਕੁੱਝ ਕਾਂਗਰਸੀਆਂ ਨੇ ਹਿੱਕ ਥਾਪੜੀ ਕਿ ‘‘ਸਾਡੀ ਇੱਕ ਕੈਬਨਿਟ ਮੰਤਰੀ ( ਐਤਵਾਰ ਦੀ ਬਰਨਾਲਾ ਹਲਕੇ ‘ ਚ ਫੇਰੀ ) ਨਾਲ ਗੱਲ ਹੋ ਚੁੱਕੀ ਹੈ , ਜਿਸ ਨੇ ਭਰੋਸਾ ਦਿੱਤਾ ਹੈ ਕਿ ਉਕਤ ਮਾਮਲੇ ਵਿੱਚ ਕੁੱਝ ਨਹੀ ਹੋਵੇਗਾ’’ ।