ਬਰਨਾਲਾ , 16 ਨਵੰਬਰ ( ਨਿਰਮਲ ਸਿੰਘ ਪੰਡੋਰੀ ) : “ਨਿੱਗਰ ਤੇ ਨਿੱਡਰ ਸਮਾਜ ਦੀ ਉਸਾਰੀ ਕਰਨ ਲਈ ਸਾਨੂੰ ਇਕੱਠੇ ਹੋ ਕੇ ਯਤਨ ਕਰਨੇ ਚਾਹੀਦੇ ਹਨ। ਸਮਾਜਿਕ ਬਰਾਬਰਤਾ ਲਿਆਉਣ ਲਈ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸਿੱਖਿਆ ਤੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ‘ਚ ਹੋਣ। ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਰੋਜ਼ਗਾਰ ਦੇ ਵੱਧ ਤੋਂ ਵੱਧ ਵਸੀਲੇ ਪੈਦਾ ਕੀਤੇ ਜਾਣ ਤਾਂ ਹੀ ਆਉਣ ਵਾਲੀਆਂ ਪੀੜੀਆਂ ਦਾ ਜੀਵਨ ਬਸਰ ਹੋ ਸਕੇਗਾ।ਨੌਜਵਾਨ ਵਰਗ ਨੂੰ ਨਸ਼ਿਆਂ ਵਰਗਿਆਂ ਭੈੜੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਠੋਸ ਉਪਰਾਲੇ ਕਰਕੇ ਇਸ ਵਰਗ ਨੂੰ ਸੁਚੇਤ ਕਰਦੇ ਰਹਿਣਾ ਸਮਾਜਿਕ ਆਗੂਆਂ ਨੂੰ ਫਿਕਰਮੰਦ ਰਹਿਣਾ ਪਵੇਗਾ। “ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ (ਕੇ.ਵਾਈ.ਓ.ਆਈ.) ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਰਾਏਕੋਟ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ‘ਚ ਕੀਤਾ। ਉਨਾਂ ਅੱਗੇ ਕਿਹਾ ਕਿ ਦੇਸ਼ ‘ਚ ਅਮਨ-ਸ਼ਾਂਤੀ ਰਹਿਣ ਨਾਲ ਹੀ ਦੇਸ਼ ਆਰਥਿਕ ਖੇਤਰ ‘ਚ ਤਰੱਕੀ ਕਰ ਸਕਦਾ ਹੈ।ਦੇਸ਼ ‘ਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਸਰਕਾਰਾਂ ਨੂੰ ਕੋਈ ਵੀ ਘਾਟ ਬਾਕੀ ਨਹੀਂ ਛੱਡਣੀ ਚਾਹੀਦੀ ਤੇ ਵਿਦੇਸ਼ੀ ਤਾਕਤਾਂ ਦੀ ਸ਼ਹਿ ‘ਤੇ ਭਾਰਤ ਦੇਸ਼ ਅੰਦਰ ਫੁੱਟ ਪਾਉਣ ਦੀ ਤਾਕ ‘ਚ ਰਹਿਣ ਵਾਲੀਆਂ ਤਾਕਤਾਂ ਨੂੰ ਸਖ਼ਤ ਨਕੇਲ ਪਾੳਣੀ ਚਾਹੀਦੀ ਹੈ। ਨਿਰਮਲ ਦੋਸਤ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਆਨ ਨਹੀਂ ਬਲਕਿ ਲੋਕਾਂ ਵੱਲ ਧਿਆਨ ਦੇਣ ਦੀ ਲੋੜ ਹੈ। ਖੇਤੀਬਾੜੀ ਨਾਲ ਸਬੰਧਿਤ ਸੰਦ,ਖਾਦਾਂ,ਦਵਾਈਆਂ ਅਤੇ ਤੇਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਵਾਜਬ ਹੋਣ ਕਿਉਂ ਕਿ ਅੱਜ ਦੇ ਦੌਰ ‘ਚ ਖੇਤੀ ਦਾ ਧੰਦਾ ਲਾਹੇਵੰਦ ਨਹੀਂ ਰਿਹਾ।