ਚੰਡੀਗੜ : ਪੰਜਾਬ ਸਰਕਾਰ ਨੇ ਡੀਏਪੀ ਖਾਦ ਦੀ ਘਾਟ ਕਾਰਨ ਹੋ ਰਹੀ ਅਲੋਚਨਾ ਤੋਂ ਬਾਅਦ ਜਮਾਂਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਖਾਦ ਡੀਲਰਾਂ ਉੱਪਰ ਕੇਸ ਦਰਜ ਕੀਤੇ ਹਨ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ , ਜਲੰਧਰ, ਮਾਨਸਾ, ਐਸਏਐਸ ਨਗਰ,ਫਾਜਿਲਕਾ,ਮੁਕਤਸਰ ਸਾਹਿਬ ਵਿੱਚ ਸਰਕਾਰ ਨੇ ਦਰਜਨ ਤੋਂ ਜ਼ਿਆਦਾ ਖਾਦ ਡੀਲਰਾਂ ਉੱਪਰ ਡੀਏਪੀ ਖਾਦ ਦੀ ਜਮਾਂਖੋਰੀ, ਵੱਧ ਵਸੂਲੀ ਅਤੇ ਕਾਲਾਬਾਜ਼ਾਰੀ ਸੰਬੰਧੀ ਮਾਮਲੇ ਦਰਜ ਕਰਵਾਏ ਹਨ ਅਤੇ ਸੰਬੰਧਿਤ ਫਰਮਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਹੈ। ਦੱਸਣਯੋਗ ਹੈ ਕਿ ਡੀਏਪੀ ਖਾਦ ਦੀ ਕਮੀ ਕਾਰਨ ਕਣਕ ਦੀ ਫਸਲ ਦੀ ਬਿਜਾਈ ’ਚ ਦੇਰੀ ਹੋ ਰਹੀ ਹੈ ਜਿਸ ਕਾਰਨ ਸਰਕਾਰ ਨੂੰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਵੱਡੀ ਗਿਣਤੀ ’ਚ ਖਾਦ ਡੀਲਰਾਂ ਉੱਪਰ ਦਰਜ ਕਰਵਾਏ ਕੇਸ ਇਸ ਗੱਲ ਦਾ ਵੀ ਸਬੂਤ ਹਨ ਕਿ ਸਰਕਾਰ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਹੀ ਜਾਗੀ ਹੈ। ਜਦਕਿ ਚਾਹੀਦਾ ਤਾਂ ਇਹ ਸੀ ਕਿ ਅਕਤੂਬਰ ਦੇ ਅਖ਼ੀਰ ਤੱਕ ਡੀਏਪੀ ਦੀ ਉਪਲਬੱਧਤਾ ਦੇ ਪ੍ਰਬੰਧ ਮੁਕੰਮਲ ਹੋਣੇ ਚਾਹੀਦੇ ਸਨ। ਅਕਸਰ ਇਹ ਚਰਚਾ ਵੀ ਹੁੰਦੀ ਰਹਿੰਦੀ ਹੈ ਕਿ ਵਿਭਾਗ ਦੇ ਕੁਝ ਭਿ੍ਸ਼ਟ ਅਧਿਕਾਰੀਆਂ ਦੀ ਛਤਰ ਛਾਇਆ ਹੇਠ ਕੁਝ ਖਾਦ ਡੀਲਰ ਹਰ ਸਾਲ ਕਣਕ ਦੀ ਬਿਜਾਈ ਸਮੇਂ ਡੀਏਪੀ ਦੀ ਕਾਲਾਬਾਜ਼ਾਰੀ ਕਰਦੇ ਹਨ।