ਚੰਡੀਗੜ, 17 ਨਵੰਬਰ ( ਨਿਰਮਲ ਸਿੰਘ ਪੰਡੋਰੀ ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਇੱਕ ਤਾਜ਼ਾ ਬਿਆਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਪ੍ਰਾਪਤੀ ਦੀ ਦੌੜ ਵਿੱਚ ਸ਼ਾਮਲ ਕੁਝ ਆਗੂਆਂ ਦੇ ਕਮਰਕਸੇ ਢਿੱਲੇ ਕਰ ਦਿੱਤੇ ਹਨ ਅਤੇ ਕੁਝ ਆਗੂਆਂ ਨੇ ਇਸ ਦੌੜ ’ਚ ਸਥਾਪਿਤ ਆਗੂਆਂ ਤੋਂ ਅੱਗੇ ਨਿਕਲਣ ਲਈ ਨੰਗੇ ਪੈਰੀਂ ਦੌੜਨਾ ਸ਼ੁਰੂ ਕਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਅਗਲੀਆਂ ਚੋਣਾਂ ਲਈ ਸਾਰੇ ਮੌਜੂਦਾ ਵਿਧਾਇਕਾਂ ਨੂੰ ਟਿਕਟ ਦਿੱਤੀ ਜਾਵੇ। ਉਨਾਂ ਕਿਹਾ ਕਿ ਪਾਰਟੀ ਵੱਲੋਂ ਜੇਤੂ ਚਿਹਰਿਆਂ ਨੂੰ ਹੀ ਮੈਦਾਨ ’ਚ ਉਤਾਰਿਆ ਜਾਵੇਗਾ ਅਤੇ ਪਾਰਟੀ ਸਰਵੇਖਣ ਦੇ ਅਧਾਰ ’ਤੇ ਹੀ ਟਿਕਟਾਂ ਦੀ ਵੰਡ ਕਰੇਗੀ। ਸਿੱਧੂ ਦੇ ਬਿਆਨ ਤੋਂ ਬਾਅਦ ਬਰਨਾਲਾ ਜ਼ਿਲੇ ਨਾਲ ਸੰਬੰਧਿਤ ਹਲਕਾ ਬਰਨਾਲਾ, ਮਹਿਲ ਕਲਾਂ, ਭਦੌੜ ’ਚ ਟਿਕਟ ਦੀ ਦੌੜ ਵਿੱਚ ਦੂਜੇ ਨੰਬਰ ’ਤੇ ਚੱਲ ਰਹੇ ਆਗੂੁਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਕਿਉਂਕਿ ਇਨਾਂ ਤਿੰਨਾਂ ਹਲਕਿਆਂ ਵਿੱਚ ਹੀ ਸਥਾਪਿਤ ਆਗੂਆਂ ਦਾ ਵਿਰੋਧ ਹੋ ਰਿਹਾ ਹੈ।