ਬਰਨਾਲਾ, 18 ਨਵੰਬਰ (ਨਿਰਮਲ ਸਿੰਘ ਪੰਡੋਰੀ) : ਸਕੂਲ ਸਿੱਖਿਆ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੈਸ਼ਨ 2020-21 ਦੌਰਾਨ ਕਰਵਾਏ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੇ ਜ਼ਿਲਾ ਪੱਧਰ ’ਤੇ ਜੇਤੂ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ 11 ਵੰਨਗੀਆਂ ਦੇ ਕਰਵਾਏ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਪੱਧਰ ’ਤੇ 213 ਵਿਦਿਆਰਥੀਆਂ ਵੱਲੋਂ ਪਹਿਲੀਆਂ ਪੰਜ ਪੁਜ਼ੀਸ਼ਨ ਹਾਸਲ ਕੀਤੀਆਂ ਗਈਆਂ। ਜ਼ਿਲ੍ਹਾ ਪੱਧਰ ’ਤੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬਲਾਕ ਬਰਨਾਲਾ ਨਾਲ ਸਬੰਧਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਠੀਕਰੀਵਾਲਾ ਵਿਖੇ ਕਰਵਾਏ ਸਮਾਗਮ ਦੌਰਾਨ ਹਰ ਵੰਨਗੀ ਵਿੱਚੋਂ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 2000,1500 ਅਤੇ 1000 ਰੁਪਏ ਦੀ ਰਾਸ਼ੀ ਦੇ ਚੈੱਕਾਂ ਅਤੇ ਚੌਥੀ ਅਤੇ ਪੰਜਵੀਂ ਪੁਜੀਸ਼ਨ ਵਾਲੇ ਵਿਦਿਆਰਥੀਆਂ ਨੂੰ 500-500 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਮੁਕਾਬਲਿਆਂ ਪ੍ਰਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਉਤਸ਼ਾਹ ਬਦੌਲਤ ਜ਼ਿਲ੍ਹਾ ਬਰਨਾਲਾ ਛੋਟਾ ਜ਼ਿਲ੍ਹਾ ਹੋਣ ਦੇ ਬਾਵਜੂਦ ਸੂਬਾ ਪੱਧਰ ’ਤੇ ਮਾਣਮੱਤੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ ਹੈ। ਇਸ ਮੌਕੇ ਮੁਕਾਬਲਿਆਂ ਦੇ ਜ਼ਿਲ੍ਹਾ ਨੋਡਲ ਅਫ਼ਸਰ ਕੁਲਦੀਪ ਸਿੰਘ, ਬਲਾਕ ਨੋਡਲ ਅਫ਼ਸਰ ਸਰਬਜੀਤ ਸਿੰਘ ਪਿ੍ਰੰਸੀਪਲ, ਹਰਭਗਵਾਨ ਲਾਲ,ਜ਼ਿਲਾ ਮੀਡੀਆ ਕੋ-ਆਰਡੀਨੇਟਰ ਬਿੰਦਰ ਸਿੰਘ ਖੁੱਡੀ ਕਲਾਂ, ਲੈਕਚਰਾਰ ਰਜਿੰਦਰ ਕੁਮਾਰ, ਲੈਕਚਰਾਰ ਪ੍ਰਵੀਨ ਕੁਮਾਰ ਅਤੇ ਵੱਖ-ਵੱਖ ਸਕੂਲਾਂ ਤੋਂ ਜੇਤੂ ਵਿਦਿਆਰਥੀਆਂ ਦੇ ਅਧਿਆਪਕਾਂ ਨੇ ਸਮਾਗਮ ’ਚ ਸ਼ਿਰਕਤ ਕੀਤੀ।