ਬਰਨਾਲਾ, 18 ਨਵੰਬਰ (ਨਿਰਮਲ ਸਿੰਘ ਪੰਡੋਰੀ) : ਮੈਂਬਰ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ, ਸ਼੍ਰੀ ਚੰਦਰੇਸ਼ਵਰ ਸਿੰਘ ਮੋਹੀ ਨੇ ਅੱਜ ਪਿੰਡ ਧੂਰਕੋਟ ਅਤੇ ਮਾਂਗੇਵਾਲ ਦਾ ਦੌਰਾ ਕੀਤਾ ਅਤੇ ਐਸਸੀ ਭਾਈਚਾਰੇ ਸਬੰਧੀ ਧੱਕੇਸ਼ਾਹੀ ਮਾਮਲਿਆਂ ਦੀ ਜਾਂਚ ਕੀਤੀ। ਪਿੰਡ ਧੂਰਕੋਟ, ਤਹਿਸੀਲ ਤਪਾ, ਜ਼ਿਲਾ ਬਰਨਾਲਾ ਦੀ ਵਸਨੀਕ ਸ਼੍ਰੀਮਤੀ ਮਨਜੀਤ ਕੌਰ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਅਗਸਤ 2020 ਵਿੱਚ ਉਨਾਂ ਦੇ ਪੁੱਤਰ ਗੁਰਤੇਜ ਸਿੰਘ ਨੇ ਕਥਿਤ ਤੌਰ ਤੇ ਸ਼ਰਾਬ ਦੇ ਠੇਕੇਦਾਰਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਇਸ ਸਬੰਧੀ ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਵਾਉਣ ਲਈ ਕਮਿਸ਼ਨ ਤੱਕ ਪਹੁੰਚ ਕੀਤੀ ਸੀ, ਜਿਸ ਦਾ ਨੋਟਿਸ ਲੈਂਦੇ ਹੋਏ ਸ੍ਰੀ ਮੋਹੀ ਨੇ ਥਾਣਾ ਰੂੜੇਕੇ ਕਲਾਂ ਵਿੱਚ ਮਾਮਲੇ ਦੀ ਦੁਬਾਰਾ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ। ਇੱਕ ਵੱਖਰੇ ਮਾਮਲੇ ’ਚ ਕਮਿਸ਼ਨ ਮੈਂਬਰ ਸ੍ਰੀ ਮੋਹੀ ਨੇ ਜ਼ਿਲ੍ਹੇ ਦੇ ਪਿੰਡ ਮਾਂਗੇਵਾਲ ਵਿਖੇ ਵੀ ਇੱਕ ਮਾਮਲੇ ਦੀ ਪੜਤਾਲ ਕੀਤੀ ਅਤੇ ਐਸਡੀਐਮ ਬਰਨਾਲਾ ਸ਼੍ਰੀ ਵਰਜੀਤ ਵਾਲੀਆ ਆਈ.ਏ.ਐਸ ਨੂੰ ਮੈਜਿਸਟ੍ਰੇਟ ਪੜਤਾਲ ਕਰਕੇ 10 ਦਿਨਾਂ ਦੇ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ । ਇਸ ਮੌਕੇ ਸ੍ਰੀ ਮੋਹੀ ਨੇ ਕਿਹਾ ਕਿ ਕਮਿਸ਼ਨ ਐਸਸੀ ਭਾਈਚਾਰੇ ਦੇ ਲੋਕਾਂ ਉੱਪਰ ਜ਼ੁਲਮ ਰੋਕਣ ਅਤੇ ਇਨਸਾਫ ਦਿਵਾਉਣ ਲਈ ਪੂਰੀ ਤਰਾਂ ਸਰਗਰਮ ਹੈ ਅਤੇ ਸੂਬੇ ’ਚ ਕਿਧਰੇ ਵੀ ਐਸਸੀ ਭਾਈਚਾਰੇ ਦੇ ਲੋਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਡੀ.ਐਸ.ਪੀ ਤਪਾ ਸ਼੍ਰੀ ਬਲਜੀਤ ਸਿੰਘ ਬਰਾੜ, ਤਹਿਸੀਲਦਾਰ ਤਪਾ ਸ਼੍ਰੀ ਬਾਦਲਦੀਨ, ਤਹਿਸੀਲ ਭਲਾਈ ਅਫ਼ਸਰ ਸ਼੍ਰੀ ਮੋਨੂ ਗਰਗ ਅਤੇ ਹੋਰ ਅਫ਼ਸਰ ਮੌਜੂਦ ਸਨ।