-ਖੁਦਕੁਸ਼ੀ ਨੋਟ ਲੈ ਕੇ ਚੜ ਗਿਆ ਸੀ ਪਾਣੀ ਵਾਲੀ ਟੈਂਕੀ ’ਤੇ
ਬਰਨਾਲਾ, 20 ਨਵੰਬਰ (ਨਿਰਮਲ ਸਿੰਘ ਪੰਡੋਰੀ) : ਜ਼ਿਲ੍ਹੇ ਦੇ ਪਿੰਡ ਨਾਈਵਾਲਾ ਵਿਖੇ ਕਰੀਬ 60 ਸਾਲ ਦਾ ਇੱਕ ਬਜੁਰਗ ਚਰਨ ਸਿੰਘ ਪੁੱਤਰ ਕਾਕਾ ਸਿੰਘ ਪਿੰਡ ਦੇ ਸਰਪੰਚ ਵੱਲੋਂ ਧੱਕੇਸ਼ਾਹੀ ਕਰਨ ਅਤੇ ਇਸ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀਆਂ ਦਰਖ਼ਾਸਤਾਂ ਉੱਪਰ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਪਿੰਡ ’ਚ ਬਣੀ ਪਾਣੀ ਵਾਲੀ ਟੈਂਕੀ ਉੱਪਰ ਚੜ ਗਿਆ । ਜੀ98 ਨਿਊਜ਼ ਨਾਲ ਟੈਂਕੀ ਉੱਪਰੋ ਗੱਲ ਕਰਦੇ ਚਰਨ ਸਿੰਘ ਨੇ ਦੱਸਿਆ ਕਿ 1975 ਵਿੱਚ ਸਰਕਾਰ ਵੱਲੋਂ ਸਾਨੂੰ 42 ਵਿਅਕਤੀਆਂ ਨੂੰ 4-4 ਮਰਲੇ ਦੇ ਪਲਾਟ ਦਿੱਤੇ ਗਏ ਸਨ। ਜਿਨਾਂ ਉੱਪਰ ਉਸ ਵੇਲੇ ਤੋਂ ਲੈ ਕੇ ਹੀ ਸਾਡਾ ਕਬਜ਼ਾ ਹੈ। ਉਨਾਂ ਕਿਹਾ ਕਿ ਹੁਣ ਪਿੰਡ ਦੀ ਪੰਚਾਇਤ ਵੱਲੋਂ ਉਕਤ ਪਲਾਟਾਂ ਉੱਪਰ ਖੇਡ ਮੈਦਾਨ ਬਣਾ ਦਿੱਤਾ ਗਿਆ ਅਤੇ ਹੋਰ ੳਸਾਰੀ ਕੀਤੀ ਜਾ ਰਹੀ ਹੈ। ਅਸੀਂ ਉਕਤ ਪਲਾਟਾਂ ਦੇ ਮਾਲਕਾਂ ਨੇ ਇਸ ਸੰਬੰਧੀ ਬੀਡੀਪੀਓ ਤੋਂ ਲੈ ਕੇ ਡੀਸੀ ਤੱਕ ਦਰਖ਼ਾਸਤਾਂ ਦਿੱਤੀਆਂ ਪ੍ਰੰਤੂ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਕੋਈ ਸੁਣਵਾਈ ਨਹੀਂ ਹੋਈ ਜਦਕਿ ਸਰਪੰਚ ਨੇ ਸਾਡੇ ਪਲਾਟਾਂ ਵਾਲੀ ਜਗਾ ਉੱਪਰ ਉਸਾਰੀ ਦਾ ਕੰਮ ਜਾਰੀ ਰੱਖਿਆ ਹੋਇਆ ਹੈ। ਚਰਨ ਸਿੰਘ ਨੇ ਕਿਹਾ ਕਿ ਜਦ ਤੱਕ ਸਰਕਾਰ ਵੱਲੋਂ ਸਾਨੂੰ ਅਲਾਟ ਕੀਤੇ ਪਲਾਟਾਂ ਉੱਪਰ ਪੰਚਾਇਤੀ ਉਸਾਰੀ ਦਾ ਕੰਮ ਬੰਦ ਨਹੀਂ ਹੁੰਦਾ ਤਦ ਤੱਕ ਉਹ ਟੈਂਕੀ ਤੋਂ ਹੇਠਾਂ ਨਹੀਂ ਉੱਤਰੇਗਾ। ਚਰਨ ਸਿੰਘ ਨੇ ਜੀ98 ਨਿਊਜ਼ ਨੂੰ ਕਿਹਾ ਕਿ ਉਸ ਦੀ ਜ਼ੇਬ ਵਿੱਚ ਇੱਕ ਖੁਦਕਸ਼ੀ ਨੋਟ ਲਿਖਿਆ ਹੋਇਆ ਹੈ ਜਿਸ ਉੱਪਰ ਪਿੰਡ ਦੇ 16 ਵਿਅਕਤੀਆਂ ਦੇ ਨਾਮ ਹਨ। ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਇਹ ਵਿਅਕਤੀ ਜ਼ਿੰਮੇਵਾਰ ਹੋਣਗੇ।
ਬਾਕਸ ਆਈਟਮ
ਚਰਨ ਸਿੰਘ ਦੇ ਟੈਂਕੀ ’ਤੇ ਚੜਨ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ । ਮੌਕੇ ’ਤੇ ਪੁੱਜੇ ਤਹਿਸੀਲਦਾਰ ਨੇ ਚਰਨ ਸਿੰਘ ਨੂੰ ਉਕਤ ਮਾਮਲੇ ’ਚ ਸੋਮਵਾਰ ਐਸਡੀਐਮ ਬਰਨਾਲਾ ਦੇ ਦਫਤਰ ਬੁਲਾ ਕੇ ਸੁਣਵਾਈ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਚਰਨ ਸਿੰਘ ਟੈਂਕੀ ਤੋਂ ਹੇਠਾਂ ਉਤਰ ਆਇਆ। ੳਕਤ ਮਾਮਲੇ ’ਚ ਮੋਬਾਈਲ ਫੋਨ ’ਤੇ ਵਾਰ ਵਾਰ ਯਤਨ ਕਰਨ ’ਤੇ ਵੀ ਸਰਪੰਚ ਜਤਿੰਦਰ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।