— ਮੋਗਾ ’ਚ ਦਿੱਤੀ ਤੀਜੀ ਗਰੰਟੀ, ਚੰਨੀ ਨੂੰ ਕਿਹਾ ਨਕਲੀ ਕੇਜਰੀਵਾਲ —
ਚੰਡੀਗੜ – ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ 18 ਸਾਲ ਤੋਂ ਉੱਪਰ ਉਮਰ ਦੀਆਂ ਸਾਰੀਆਂ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਰਕਾਰ ਵੱਲੋਂ ਦਿੱਤਾ ਜਾਵੇਗਾ ਅਤੇ ਇਹ ਰਕਮ ਸਿੱਧੀ ਮਹਿਲਾਵਾਂ ਦੇ ਖਾਤੇ ਵਿੱਚ ਆਵੇਗੀ। ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਗਰੰਟੀਆਂ ਦੀ ਲੜੀ ’ਚ ਇਹ ਤੀਜੀ ਗਰੰਟੀ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਮੋਗਾ ਵਿਖੇ ਵੱਡੀ ਗਿਣਤੀ ’ਚ ਪਾਰਟੀ ਦੀਆਂ ਮਹਿਲਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਦਿੱਤੀ।
ਉਨਾਂ ਕਿਹਾ ਕਿ ਪਰਿਵਾਰ ਦੀ ਜਿਸ ਔਰਤ ਨੂੰ ਬੁਢਾਪਾ ਪੈਨਸ਼ਨ ਮਿਲਦੀ ਹੈ, ਉਸਨੂੰੂ ਵੀ ਪੈਨਸ਼ਨ ਤੋਂ ਇਲਾਵਾ ਇਹ ਹਜਾਰ ਰੁਪਏ ਪ੍ਰਤੀ ਮਹੀਨਾ ਮਿਲੇਗਾ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਹ ਵਿਸ਼ਵ ਦੀ ਸਭ ਤੋਂ ਵੱਡੀ ਮਹਿਲਾ ਸ਼ਸਕਤੀਕਰਨ ਯੋਜਨਾ ਹੈ ਜੋ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਹੀ ਲਾਗੂ ਕਰ ਸਕਦੀ ਹੈ। ਇਸ ਯੋਜਨਾ ਲਈ ਮਾਲੀ ਸੌਮਿਆਂ ਬਾਰੇ ਕੇਜ਼ਰੀਵਾਲ ਨੇ ਕਿਹਾ ਕਿ ਸੂਬੇ ’ਚ ਟਰਾਂਸਪੋਰਟ ਅਤੇ ਰੇਤਾ ਮਾਫ਼ੀਆ ਖ਼ਤਮ ਕਰਕੇ ਸਾਰਾ ਪੈਸਾ ਇਸ ਯੋਜਨਾ ਲਈ ਦਿੱਤਾ ਜਾਵੇਗਾ। ਸ੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਪੰਜਾਬ ਦਾ ਭਵਿੱਖ ਬਦਲਣਗੀਆਂ। ਕਿਉਂਕਿ ਇਹ ਚੋਣਾਂ ਮਹਿਲਾਵਾਂ ਦੀਆਂ ਚੋਣਾਂ ਹੋਣਗੀਆਂ। ਉਨਾਂ ਕਿਹਾ ਕਿ ਵਰਿਆਂ ਤੋਂ ਪਰਿਵਾਰ ਦੇ ਪੁਰਸ ਮੈਂਬਰ ਮਹਿਲਾ ਮੈਂਬਰਾਂ ਨੂੰ ਵੋਟ ਪਾਉਣ ਲਈ ਮਜ਼ਬੂਰ ਕਰਦੇ ਆਏ ਹਨ, ਪ੍ਰੰਤੂ ਇਸ ਪਰਿਵਾਰ ਦੀਆਂ ਮਹਿਲਾਵਾਂ ਪੁਰਸਾਂ ਨੂੰ ਵੋਟ ਪਾਉਣ ਲਈ ਕਹਿਣਗੀਆਂ। ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਲਏ ਤੋਂ ਬਗੈਰ ਕੇਜਰੀਵਾਲ ਨੇ ਤਨਜ਼ ਕੀਤਾ ਕਿ ਅੱਜ ਕੱਲ ਪੰਜਾਬ ’ਚ ਇੱਕ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ ਜੋ ਅਸਲੀ ਕੇਜਰੀਵਾਲ ਦੀ ਸਿਰਫ਼ ਨਕਲ ਕਰਦਾ ਹੈ ਪ੍ਰੰਤੂ ਅਮਲ ਵਿੱਚ ਕੁੱਝ ਵੀ ਨਹੀ ਕਰਦਾ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਜੋ ਥੋੜਾ ਬਹੁਤਾ ਕੰਮ ਹੋ ਰਿਹਾ ਹੈ ਉਹ ਅਰਵਿੰਦ ਕੇਜਰੀਵਾਲ ਦੇ ਡਰ ਕਾਰਨ ਹੀ ਹੋ ਰਿਹਾ ਹੈ। ਉਨਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਜਾਵੇ ਤਾਂ ਜੋ ਦਿੱਲੀ ਦੀ ਤਰਜ਼ ’ਤੇ ਪੰਜਾਬ ਦੀ ਨੁਹਾਰ ਬਦਲੀ ਜਾ ਸਕੇ। ਜਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਦੌਰਾਨ ਕਈ ਵਾਰ ਸਿਰਫ਼ ਆਪਣੇ ਨਾਂਅ ’ਤੇ ਵੋਟਾਂ ਦੀ ਮੰਗ ਕੀਤੀ, ਜਿਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਸੂਬੇ ’ਚ ਅਗਾਮੀ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਲਦੀ ਨਹੀ ਕਰੇਗੀ ਜਾਂ ਚੋਣ ਅਮਲ ਸ਼ੁਰੂ ਹੋਣ ’ਤੇ ਕਰੇਗੀ।