ਬਰਨਾਲਾ, 22 ਨਬੰਵਰ (ਨਿਰਮਲ ਸਿੰਘ ਪੰਡੋਰੀ) – ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਸੈਂਕੜੇ ਮਜ਼ਦੂਰਾਂ ਨੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਡੀਸੀ ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਮਜ਼ਦੂਰਾਂ ਨੇ ਕੇਂਦਰ ਸਰਕਾਰ , ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਸੂਬਾਈ ਆਗੂ ਕਾ. ਗੁਰਪ੍ਰੀਤ ਰੂੜੇਕੇ, ਸੀ. ਟੀ. ਯੂ. ਪੰਜਾਬ ਦੇ ਭੋਲਾ ਸਿੰਘ ਕਲਾਲ ਮਾਜਰਾ ਤੇ ਏਟਕ ਦੇ ਖੁਸ਼ੀਆ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਮਜ਼ਦੂਰਾਂ ਨਾਲ ਸਿਰਫ਼ ਵਾਅਦੇ ਕੀਤੇ ਜਾਂਦੇ ਹਨ, ਪ੍ਰੰਤੂ ਮਜ਼ਦੂਰਾਂ ਦੀ ਦਸ਼ਾ ਸੁਧਾਰਨ ਲਈ ਕੁੱਝ ਨਹੀ ਕੀਤਾ ਜਾਂਦਾ। ਉਨਾਂ ਦੋਸ਼ ਲਗਾਇਆ ਕਿ ਚੰਨੀ ਸਰਕਾਰ ਵੱਲੋਂ 5-5 ਮਰਲੇ ਦੇ ਪਲਾਟ ਅਤੇ ਲਾਲ ਲਕੀਰ ਅੰਦਰਲੀਆਂ ਰਜਿਸ਼ਟਰੀਆਂ ਕਰਵਾਉਣ ਦੀਆਂ ਗੱਲਾਂ ਸਿਆਸੀ ਜੁਮਲੇ ਸਾਬਤ ਹੋ ਰਹੀਆਂ ਹਨ। ਮਜ਼ਦੂਰ ਆਗੂਆਂ ਨੇ ਗਿਲਾ ਕੀਤਾ ਕਿ ਸਰਕਾਰੀ ਦਫ਼ਤਰਾਂ ਅੰਦਰ ਮਜ਼ਦੂਰਾਂ ਦੇ ਕੰਮ ਨਹੀ ਕੀਤੇ ਜਾ ਰਹੇ ਅਤੇ ਮਜ਼ਦੂਰ ਆਗੂਆਂ ਦੀ ਗੱਲ ਨਹੀ ਸੁਣੀ ਜਾ ਰਹੀ। ਜਦਕਿ ਤਕੜਿਆਂ ਦੇ ਫੋਨ ਉੱਪਰ ਹੀ ਕੰਮ ਹੋ ਰਹੇ ਹਨ। ਉਨਾਂ ਕਿਹਾ ਕਿ ‘ਤਕੜੇ ਦਾ ਸੱਤੀ ਵੀਹੀਂ ਸੌ’ ਵਾਲੀ ਨੀਤੀ ਕਾਮਯਾਬ ਨਹੀ ਹੋਣ ਦਿੱਤੀ ਜਾਵੇਗੀ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਇਹ ਵਿਤਕਰਾ ਬਰਦਾਸ਼ਤ ਨਹੀ ਕੀਤਾ ਜਾਵੇਗਾ। ਬਰਨਾਲਾ ਜ਼ਿਲੇ ਦੇ ਪਿੰਡਾਂ ’ਚ ਨਰੇਗਾ ਦਾ ਕੰਮ ਸ਼ੁਰੂ ਨਾ ਕਰਨ ਅਤੇ ਨਰੇਗਾ ਸਕੀਮ ’ਚ ਹੋਰ ਰਹੇ ਘਪਲੇ ਸਬੰਧੀ ਵੀ ਮਜ਼ਦੂਰ ਆਗੂਆਂ ਨੂੰ ਜ਼ਿਲਾਂ ਪ੍ਰਸ਼ਾਸਨ ਨੂੰੂ ਸੁਚੇਤ ਕੀਤਾ।
ਬਾਕਸ ਆਈਟਮ-
ਕਰੀਬ ਚਾਰ ਘੰਟੇ ਡੀਸੀ ਦਫ਼ਤਰ ਸਾਹਮਣੇ ਧਰਨਾ ਦੇਣ ’ਤੇ ਵੀ ਜਦ ਪ੍ਰਸ਼ਾਸ਼ਨ ਨੇ ਮਜ਼ਦੂਰਾਂ ਦੀ ਗੱਲ ਨਾ ਸੁਣੀ ਤਾਂ ਗੁੱਸੇ ਵਿੱਚ ਮਜ਼ਦੂਰਾਂ ਨੇ ਡੀਸੀ ਕੰਪਲੈਕਸ ਦੇ ਬਾਹਰ ਸੜਕ ਜਾਮ ਕਰ ਦਿੱਤੀ। ਜਿੱਥੇ ਗੱਲਬਾਤ ਕਰਦੇ ਹੋਏ ਭੋਲਾ ਸਿੰਘ ਕਲਾਲਮਾਜਰਾ ਨੇ ਰੋਸ ਪ੍ਰਗਟ ਕੀਤਾ ਕਿ ਡਿਪਟੀ ਕਮਿਸ਼ਨਰ ਮਜ਼ਦੂਰਾਂ ਦੀਆਂ ਮੰਗਾਂ ਦੇ ਯੋਗ ਹੱਲ ਲਈ ਗੱਲ ਕਰਨ ਦੀ ਬਜਾਇ ਪਹਿਲਾਂ ਸਿਵਲ ਹਸਪਤਾਲ ਜਾ ਕੇ ਕੋਰੋਨਾ ਦੇ ਟੀਕੇ ਲਗਵਾਉਣ ਲਈ ਆਖ ਰਿਹਾ ਹੈ। ਉਨਾਂ ਕਿਹਾ ਕਿ ਮਜ਼ਦੂਰਾਂ ਦੇ ਚੁੱਲੇ ਠੰਡੇ ਪਏ ਹਨ ਪ੍ਰੰਤੂ ਪ੍ਰਸ਼ਾਸਨ ਬਿਮਾਰੀਆਂ ਦਾ ਡਰ ਪੈਦਾ ਕਰਕੇ ਸਮਾਂ ਟਪਾਉਣਾ ਚਾਹੁੰਦਾ ਹੈ। ਸੜਕ ਜਾਮ ਦੌਰਾਨ ਡੀਡੀਪੀਓ ਬਰਨਾਲਾ ਨੇ ਮੰਗਲਵਾਰ ਮਜ਼ਦੂਰਾਂ ਦੀ ਡਿਪਟੀ ਕਮਿਸ਼ਨਰ ਨਾਲ ਮੁੜ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਤਾਂ ਮਜ਼ਦੂਰਾਂ ਨੇ ਸੜਕ ਤੋਂ ਧਰਨਾ ਚੁੱਕਿਆ।