ਚੰਡੀਗੜ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਪੰਜਾਬ ਵਾਸੀਆਂ ਨੂੰ ਸੋਮਵਾਰ ਤੀਜੀ ਗਰੰਟੀ ਤਾਂ ਦੇ ਗਏ ਹਨ ਪ੍ਰੰਤੂ ਆਪਣੇ ਪਾਰਟੀ ਵਰਕਰਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਦੱਸ ਕੇ ਗਏ। ਸ੍ਰੀ ਕੇਜਰੀਵਾਲ ਨੂੰ ਜਦ ਵੀ ਕਦੇ ਪੱਤਰਕਾਰ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਵਾਲ ਕਰਦੇ ਹਨ ਤਾਂ ਉਹ ਰਤਾ ਭਰ ਵੀ ਸੰਕੇਤ ਨਹੀਂ ਦਿੰਦੇ ਸਗੋਂ ਬੜੇ ਠਰੰਮੇ ਨਾਲ ਆਖ ਦਿੰਦੇ ਹਨ ਕਿ ‘ਚੋਣਾਂ ਨੇੜੇ ਆ ਕੇ ਦੱਸ ਦੇਵਾਂਗੇ’। ਅਸਲ ਵਿੱਚ ਸ੍ਰੀ ਕੇਜਰੀਵਾਲ ਪੰਜਾਬ ’ਚ ਮੁੱਖ ਮੰਤਰੀ ਦੇ ਚਿਹਰੇ ਸੰਬੰਧੀ ਖ਼ੁਦ ਸਸ਼ੋਪੰਜ ਵਿੱਚ ਹਨ। ਆਮ ਆਦਮੀ ਪਾਰਟੀ ਵਿੱਚ ਸ੍ਰੀ ਕੇਜਰੀਵਾਲ ਤੋਂ ਬਿਨਾਂ ਕੋਈ ਹੋਰ ਅਜਿਹੀ ਅੰਦਰੂਨੀ ਕਮੇਟੀ ਨਹੀਂ ਹੈ ਜਿਸ ਨਾਲ ਕੇਜਰੀਵਾਲ ਨੇ ਮਸ਼ਵਰਾ ਕਰਨਾ ਹੋਵੇ। ਅਤੀਤ ਵਿੱਚ ਪੰਜਾਬ ਸੰਬੰਧੀ ਪਾਰਟੀ ਫ਼ੈਸਲੇ ਸਿਰਫ਼ ਤੇ ਸਿਰਫ਼ ਕੇਜਰੀਵਾਲ ਵੱਲੋਂ ਪੰਜਾਬ ਭੇਜੇ ਆਪਣੇ ਖ਼ਾਸ ਵਫਾਦਾਰਾਂ ਦੀ ਫੀਡਬੈਕ ਦੇ ਅਧਾਰ ’ਤੇ ਲਏ ਗਏ ਸਨ। ਅਜੋਕੇ ਦੌਰ ’ਚ ਪਾਰਟੀ ਵੱਲੋਂ ਜਰਨੈਲ ਸਿੰਘ ਅਤੇ ਰਾਘਵ ਚੱਢਾ ਨੂੰ ਪੰਜਾਬ ਦੀ ਵਾਂਗਡੋਰ ਸੰਭਾਲੀ ਗਈ ਹੈ, ਜਿਨਾਂ ਦੀ ਫੀਡਬੈਕ ਦੇ ਅਧਾਰ ’ਤੇ ਹੀ ਕੇਜਰੀਵਾਲ ਵੱਲੋਂ ਪੰਜਾਬ ਸੰਬੰਧੀ ਫ਼ੈਸਲੇ ਲਏ ਜਾ ਰਹੇ ਹਨ। ਇਹ ਕਿਸੇ ਕੋਲੋ ਲੁਕਿਆ ਛੁਪਿਆ ਨਹੀਂ ਕਿ ਜਰਨੈਲ ਸਿੰਘ ਤੇ ਰਾਘਵ ਚੱਢਾ ਦੀ ਭਗਵੰਤ ਮਾਨ ਸੰਬੰਧੀ ਫੀਡਬੈਕ ਪੋਜ਼ੇਟਿਵ ਨਹੀਂ ਹੈ ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ’ਚ ਪਾਰਟੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਲਣ ਵਿੱਚ ਦੇਰੀ ਹੋ ਰਹੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਰਟੀ ਵੱਲੋਂ 15 ਅਗਸਤ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਸੰਬੰਧੀ ਤਰੀਕ ਮਿਥੀ ਗਈ ਸੀ ਪਰ ਕਈ ਮਹੀਨੇ ਬੀਤਣ ਦੇ ਬਾਵਜੂਦ ਅਜੇ ਤੱਕ ਐਲਾਨ ਕੀਤਾ ਜਾ ਸਕਿਆ। ਉਂਝ ਤਾਂ ਭਾਵੇਂ ਹਰ ਸਿਅਸੀ ਪਾਰਟੀ ਦੀ ਆਪਣੀ-ਆਪਣੀ ਰਣਨੀਤੀ ਹੁੰਦੀ ਹੈ ਪ੍ਰੰਤੂ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਸੰਬੰਧੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐਲਾਨ ਨੂੰ ਉਡੀਕਣ ਦੀ ਨੀਤੀ ਆਮ ਆਦਮੀ ਪਾਰਟੀ ਲਈ ਨੁਕਸਾਨਦੇਹ ਹੋ ਰਹੀ ਹੈ ਕਿਉਂਕਿ ਗਰਾਂਊਂਡ ਪੱਧਰ ’ਤੇ ਪਾਰਟੀ ਵਰਕਰਾਂ ਨੇ 2022 ਦੇ ‘ਚੋਣ ਵਿਆਹ’ ਦੀ ਬਾਰਾਤ ਲਈ ਪੂਰੀ ਤਿਆਰੀ ਖਿੱਚੀ ਹੋਈ ਹੈ ਪਰ ਪਾਰਟੀ ਕੋਲ ਅਜੇ ਤੱਕ ਕੋਈ ‘ਲਾੜਾ’ ਨਹੀਂ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਇੱਕ ਸੀਨੀਅਰ ਆਗੂ ਨੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ’ਚ ਦੇਰੀ ਨੂੰ ਪਾਰਟੀ ਲਈ ਨੁਕਸਾਨਦਾਇਕ ਦੱਸਦੇ ਹੋਏ ਕਿਹਾ ਕਿ ‘‘ਇਹ ਸਮਾਂ ਉਚਿਤ ਹੈ, ਨਹੀਂ ਤਾਂ ਤੀਆਂ ਪਿੱਛੋਂ ਲੂੰਗੀ ਫੂਕਣ ਦਾ ਕੋਈ ਫਾਇਦਾ ਨਹੀਂ ਹੈ’’।