ਚੰਡੀਗੜ : ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਅਧਿਆਪਕਾਂ ਨੂੰ ਚੌਥੀ ਗਰੰਟੀ ਦਿੰਦੇ ਹੋਏ ਪੰਜਾਬ ’ਚ ਸਿੱਖਿਆ ਦੇ ਖੇਤਰ ਵਿੱਚ ਕਾਇਆਕਲਪ ਕਰਨ ਦਾ ਵਾਅਦਾ ਕੀਤਾ ਹੈ। ਸੂਬੇ ਦੇ ਅਧਿਆਪਕਾਂ ਨਾਲ ਚੋਣ ਵਾਅਦਾ ਕਰਦੇ ਹੋਏ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਆਪ ਦੀ ਸਰਕਾਰ ਬਣਨ ’ਤੇ ਅਧਿਆਪਕਾਂ ਨੂੰ ਚੰਗਾ ਵਿੱਦਿਅਕ ਮਾਹੌਲ ਦੇਵਾਂਗੇ, ਆਉਟਸੋਰਸ ਤੇ ਸਾਰੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਂਗੇ, ਅਧਿਆਪਕਾਂ ਦੀ ਬਦਲੀ ਨੀਤੀ ਪਾਰਦਰਸ਼ੀ ਹੋਵੇਗੀ, ਅਧਿਆਪਕਾਂ ਨੂੰ ਨਾਨ ਟੀਚਿੰਗ ਕੰਮ ਨਹੀਂ ਦੇਵਾਂਗੇ, ਸਾਰੀਆਂ ਖਾਲੀ ਅਸਾਮੀਆਂ ਭਰਾਂਗੇ, ਪੰਜਾਬ ਦੇ ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ ਭੇਜਾਂਗੇ, ਅਧਿਆਪਕਾਂ ਦੀ ਤਰੱਕੀ ਸਮਾਂਬੱਧ ਹੋਵੇਗੀ ਅਤੇ ਅਧਿਆਪਕਾਂ ਨੂੰ ਸਮੇਤ ਪਰਿਵਾਰ ਕੈਸ਼ਲੈੱਸ ਮੈਡੀਕਲ ਯੋਜਨਾ ਦਿੱਤੀ ਜਾਵੇਗੀ। ਸ੍ਰੀ ਕੇਜਰੀਵਾਲ ਨੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਸਮਾਰਟ ਸਕੂਲ ਬਣਾਉਣ ਦੀ ਨੀਤੀ ਤੇ ਤਨਜ਼ ਕਸਦੇ ਹੋਏ ਕਿਹਾ ਕਿ ਜਿੱਥੇ ਸਿਰਫ਼ ਇੱਕ ਅਧਿਆਪਕ ਹੈ ਉਹ ਸਮਾਰਟ ਸਕੂਲ ਬਣਾ ਦਿੱਤਾ ਗਿਆ। ਸ੍ਰੀ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਪੁਨਰਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਉਣ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੰਬੰਧੀ ਪੱਤਰਕਾਰਾਂ ਵੱਲੋਂ ਕੀਤੇ ਇੱਕ ਸਵਾਲ ਦੇ ਜਵਾਬ ’ਚ ਸ੍ਰੀ ਕੇਜਰੀਵਾਲ ਨੇ ਸਿੱਧੂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ‘‘ਸਿੱਧੂ ਸੱਚਾ ਬੰਦਾ ਹੈ ਜੋ ਕਹਿ ਰਿਹਾ ਬਿਲਕੁਲ ਸੱਚ ਕਹਿ ਰਿਹਾ ਹੈ, ਮੈਂ ਸਿੱਧੂ ਦੇ ਸੱਚ ਦੀ ਤਾਰੀਫ ਕਰਦਾ ਹਾਂ’’। ਪੰਜਾਬ ’ਚ ਅਗਾਮੀ ਵਿਧਾਨ ਸਭਾ ਚੋਣਾਂ ਲਈ ਭਾਵੇਂ ਕਿ ਸ੍ਰੀ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਫਿਰ ਟਾਲ ਦਿੱਤਾ ਪ੍ਰੰਤੂ ਇਸ ਸੰਬੰਧੀ ਇੱਕ ਵੱਡੀ ਗੱਲ ਵੀ ਕਹਿ ਦਿੱਤੀ ਕਿ ‘‘ਕੇਜਰੀਵਾਲ ਪੰਜਾਬ ’ਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈ’’। ਜਿਸ ਵੇਲੇ ਸ੍ਰੀ ਕੇਜਰੀਵਾਲ ਸੂਬੇ ’ਚ ਮੁੱਖ ਮੰਤਰੀ ਦੀ ਗੱਲ ਕਰ ਰਹੇ ਸਨ ਤਾਂ ਉੱਥੇ ਹਾਜ਼ਰ ਆਪ ਵਲੰਟੀਅਰਾਂ ਵੱਲੋਂ ਪੂਰੇ ਜੋਸ਼ ਨਾਲ ਭਗੰਵਤ ਮਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।