ਬਰਨਾਲਾ, 23 ਨਵੰਬਰ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਕੈਰੇ ਵਿਖੇ ਪੰਚ ਪਰਮਜੀਤ ਸਿੰਘ ਪੁਲਿਸ ਚੌਂਕੀ ਪੱਖੋ ਕੈਂਚੀਆਂ ਦੇ ਇੱਕ ਥਾਣੇਦਾਰ ਉੱਪਰ ਧੱਕੇਸ਼ਾਹੀ ਤੇ ਧਮਕੀਆਂ ਦੇ ਦੋਸ਼ ਲਗਾ ਕੇ ਪਿੰਡ ’ਚ ਬਣੀ ਪਾਣੀ ਵਾਲੀ ਟੈਂਕੀ ਉੱਪਰ ਚੜ ਗਿਆ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਚ ਪਰਮਜੀਤ ਸਿੰਘ ਦੱਸਿਆ ਕਿ ਕਿ ਜੂਨ 2021 ’ਚ ਪਿੰਡ ਵਾਸੀ ਬਲਰਾਜ ਸਿੰਘ ਪੁੱਤਰ ਭੋਲਾ ਸਿੰਘ ਨੇ ਸਰਕਾਰੀ ਗਲੀ ਉੱਪਰ ਨਾਜਾਇਜ ਕਬਜ਼ਾ ਕਰ ਲਿਆ ਸੀ ਜਿਸ ਦੀ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਪੰਚਾਇਤ ਵੱਲੋਂ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ ਬੀਡੀਪੀਓ, ਤਹਿਸੀਲਦਾਰ ਅਤੇ ਐਸਡੀਐਮ ਬਰਨਾਲਾ ਨੇ ਪਿੰਡ ਵਿੱਚ ਪੁੱਜ ਕੇ ਮੌਕਾ ਦੇਖਿਆ ਅਤੇ ਉਕਤ ਬਲਰਾਜ ਸਿੰਘ ਨੂੰ ਗਲਤ ਠਹਿਰਾਇਆ। ਉਨਾਂ ਨੇ ਦੱਸਿਆ ਕਿ ਉਕਤ ਅਧਿਕਾਰੀਆਂ ਦੀ ਰਿਪੋਰਟ ’ਤੇ ਬਲਰਾਜ ਸਿੰਘ ਉੱਪਰ ਪਰਚਾ ਵੀ ਦਰਜ ਹੋ ਚੁੱਕਾ ਹੈ ਅਤੇ ਇਹ ਸਾਰਾ ਮਾਮਲਾ ਸਿਵਲ ਕੋਰਟ ਬਰਨਾਲਾ ਵਿੱਚ ਵਿਚਾਰ ਅਧੀਨ ਹੈ ਜਿੱਥੇ ਖ਼ੁਦ ਬਲਰਾਜ ਸਿੰਘ ਨੇ ਕੇਸ ਕੀਤਾ ਸੀ ਅਤੇ ਪੰਚਾਇਤ ਨੇ ਸਾਰੇ ਸਬੂਤ ਮਾਣਯੋਗ ਅਦਾਲਤ ਵਿੱਚ ਦੇ ਦਿੱਤੇ ਹਨ। ਉਨਾਂ ਕਿਹਾ ਕਿ ਅਦਾਲਤ ਵਿੱਚ ਮਾਮਲਾ ਸੁਣਵਾਈ ਅਧੀਨ ਹੋਣ ਦੇ ਬਾਵਜੂਦ ਵੀ ਉਕਤ ਬਲਰਾਜ ਸਿੰਘ ਨੇ ਬੀਤੀ ਦੇਰ ਰਾਤ ਉਕਤ ਜਗਾ ਵਿੱਚ ਕੰਧ ਕੱਢ ਦਿੱਤੀ। ਜਿਸ ਬਾਰੇ ਪਤਾ ਲੱਗਣ ’ਤੇ ਅਸੀਂ ਪੁਲਿਸ ਨੂੰ ਇਤਲਾਹ ਕੀਤੀ ਤੇ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਕੰਧ ਢੁਹਾ ਦਿੱਤੀ, ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਉਸ ਨੇ ਆਪਣੇ ਮੋਬਾਇਲ ਵਿੱਚ ਬਣਾ ਲਈ ਸੀ ਪ੍ਰੰਤੂ ਥਾਣੇਦਾਰ ਸਤਵਿੰਦਰਪਾਲ ਸਿੰਘ ਨੇ ਉਸ ਦਾ ਮੋਬਾਇਲ ਖੋਹ ਕੇ ਵੀਡੀਓ ਡੀਲੀਟ ਕਰ ਦਿੱਤੀ। ਉਨਾਂ ਦੱਸਿਆ ਕਿ ਇੱਕ ਵਾਰ ਕੰਧ ਢੁਹਾ ਕੇ ਪੁਲਿਸ ਚਲੀ ਗਈ ਅਤੇ ਮੰਗਲਵਾਰ ਸਵੇਰੇ 10 ਵਜੇ ਦਾ ਸਮਾਂ ਦੋਵੇ ਧਿਰਾਂ ਨੂੰ ਦਿੱਤਾ ਗਿਆ ਪ੍ਰੰਤੂ ਅੱਧੀ ਰਾਤ ਤੋਂ ਬਾਅਦ ਬਲਰਾਜ ਸਿੰਘ ਨੇ ਦੁਬਾਰਾ ਫਿਰ ਕੰਧ ਕੱਢ ਦਿੱਤੀ। ਪੰਚ ਪਰਮਜੀਤ ਸਿੰਘ ਨੇ ਦੋਸ਼ ਲਗਾਇਆ ਕਿ ਥਾਣੇਦਾਰ ਸਤਵਿੰਦਰਪਾਲ ਸਿੰਘ ਨੇ ਧੱਕੇ ਨਾਲ ਉਸ ਦਾ ਮੋਬਾਇਲ ਖੋਹਿਆ ਅਤੇ ਉਸ ਦਾ ਡਾਟਾ ਡੀਲੀਟ ਕਰ ਦਿੱਤਾ ਤੇ ਇਸ ਮਾਮਲੇ ਚੋਂ ਪਾਸੇ ਹੋਣ ਲਈ ਧਮਕਾਇਆ। ਉਨਾਂ ਇਹ ਵੀ ਦੋਸ਼ ਲਗਾਇਆ ਕਿ ਉਕਤ ਥਾਣੇਦਾਰ ਨੇ ਮਿਲੀਭੁਗਤ ਨਾਲ ਕੰਧ ਕਢਵਾਈ ਹੈ। ਟੈਂਕੀ ਉੱਪਰ ਬੈਠੇ ਪੰਚ ਪਰਮਜੀਤ ਸਿੰਘ ਨੇ ਮੰਗ ਕੀਤੀ ਕਿ ਉਕਤ ਥਾਦੇਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪੰਚਾਇਤੀ ਜ਼ਮੀਨ ਉੱਪਰ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ।