ਬਰਨਾਲਾ, 23 ਨਵੰਬਰ (ਮੰਗਲ ਸਿੰਘ) : ਦੇਸ਼ ਭਰ ਵਿੱਚ ਸਵੱਛਤਾ ਸਬੰਧੀ ਕਰਵਾਏ ਜਾਂਦੇ ਸਵੱਛ ਸਰਵੇਖਣ 2021 ਵਿੱੱਚ ਜ਼ਿਲ੍ਹਾ ਬਰਨਾਲਾ ਦੀ ਨਗਰ ਕੌਂਸਲ ਧਨੌਲਾ ਦੀ ਝੋਲੀ ਉਤਰੀ ਜ਼ੋਨ ਦਾ ‘ਫਾਸਟੈਸਟ ਮੂਵਰ ਐਵਾਰਡ’ ਪਿਆ ਹੈ। ਪਿਛਲੇ ਸਾਲ ਨਗਰ ਕੌਂਸਲ ਧਨੌਲਾ ਦੀ ਰੈਂਕਿੰਗ 969 ਸੀ, ਜੋ ਕਿ ਇਸ ਸਾਲ 49 ’ਤੇ ਪੁੱਜ ਗਈ ਹੈ। ਨਗਰ ਕੌੌਂਸਲ ਧਨੌਲਾ ਪ੍ਰਧਾਨ ਰਣਜੀਤ ਕੌਰ ਸੋਢੀ, ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਤੇ ਸੈਨੇਟਰੀ ਇੰਚਾਰਜ ਚੰਚਲ ਕੁਮਾਰ ਵੱਲੋਂ ਵਿਗਿਆਨ ਭਵਨ, ਦਿੱਲੀ ਵਿਖੇ ਇਹ ਸਨਮਾਨ ਪ੍ਰਾਪਤ ਕੀਤਾ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਪੂਰੀ ਟੀਮ ਨੂੰ ਵਧਾਈ ਦਿੱਤੀ ਗਈ ਅਤੇ ਆਉਦੇ ਸਮੇਂ ਵਿਚ ਸ਼ਹਿਰੀ ਖੇਤਰ ਨੂੰ ਸਵੱਛਤਾ ’ਚ ਹੋਰ ਮੂਹਰੇ ਲਿਆਉਣ ਲਈ ਪ੍ਰੇਰਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਅਮਿਤ ਬੈਂਬੀ, ਐਸਡੀਐਮ ਸ੍ਰੀ ਵਰਜੀਤ ਵਾਲੀਆ ਵੱਲੋਂ ਵੀ ਨਗਰ ਕੌਂਸਲ ਦੀ ਟੀਮ ਨੂੰ ਐਵਾਰਡ ਮਿਲਣ ’ਤੇ ਵਧਾਈ ਦਿੱਤੀ ਗਈ ਅਤੇ ਕਾਰਗੁਜ਼ਾਰੀ ਨੂੰ ਸਲਾਹਿਆ ਗਿਆ। ਉਨਾਂ ਕਿਹਾ ਕਿ ਨਗਰ ਕੌਂਸਲ ਧਨੌਲਾ ਦੀ ਰੈਂਕਿੰਗ 969 ਤੋਂ 49 ’ਤੇ ਪੁੱਜੀ ਹੈ, ਜਿਸ ਬਦਲੇ ਇਸ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ ਤੇ ਇਸ ਵਾਸਤੇ ਧਨੌਲਾ ਨਗਰ ਕੌਂਸਲ ਦੇ ਅਹੁਦੇਦਾਰ, ਨਗਰ ਕੌਂਸਲ ਦੀ ਟੀਮ ਤੇ ਧਨੌਲਾ ਵਾਸੀ ਵਧਾਈ ਦੇ ਪਾਤਰ ਹਨ। ਇਸ ਮੌਕੇ ਕਾਰਜਸਾਧਕ ਅਫਸਰ ਮਨਪ੍ਰੀਤ ਸਿੱਧੂ ਨੇ ਦੱਸਿਆ ਕਿ ਕੇਂਦਰ ਦੀ ਟੀਮ ਵੱਲੋਂ ਸਵੱਛਤਾ ਸਰਵੇਖਣ ਲਈ ਜ਼ਿਲੇ ਦਾ ਦੌਰਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਰੈਂਕਿੰਗ ਹੋਈ ਹੈ। ਉਨਾਂ ਦੱਸਿਆ ਕਿ ਧਨੌਲਾ ਵਿਖੇ ਐਮਆਰਐਫ ਸੈਂਟਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਤੇ ਠੋਸ ਕੂੜੇ ਦੇ ਪ੍ਰਬੰਧਨ ਲਈ 36 ਪਿਟਸ ਬਣੀਆਂ ਹੋਈਆਂ ਹਨ।