ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਸੀਟ ਲੁਧਿਆਣਾ ਨੌਰਥ ਤੋਂ ਆਰ ਡੀ ਸ਼ਰਮਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਬੀਤੇ ਕੱਲ ਬਸਪਾ ਨਾਲ ਦੋ ਸੀਟਾਂ ਦੇ ਤਬਾਦਲੇ ਤਹਿਤ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਨੇ ਰੱਖੀ ਹੈ। ਜ਼ਿਕਰਯੋਗ ਹੈ ਕਿ ਦਲ ਨੇ ਇੱਥੋ ਅਜਿਹਾ ਉਮੀਦਵਾਰ ਦਿੱਤਾ ਹੈ ਜੋ ਲੁਧਿਆਣਾ ਨਗਰ ਨਿਗਮ ਦੇ ਭਾਜਪਾ ਵੱਲੋਂ ਡਿਪਟੀ ਮੇਅਰ ਰਹੇ ਹਨ। ਸ਼ੋ੍ਮਣੀ ਅਕਾਲੀ ਦਲ ਵੱਲੋਂ ਸ਼ਹਿਰੀ ਖੇਤਰ ਦੀ ਸੀਟ ’ਤੇ ਸਾਬਕਾ ਭਾਜਪਾ ਆਗੂ ਨੂੰ ਉਤਾਰਨ ਦੇ ਫ਼ੈਸਲੈ ਤੋਂ ਬਾਅਦ ਇਹ ਚਰਚਾ ਸੱਚ ਸਾਬਤ ਹੋ ਰਹੀ ਹੈ ਕਿ ਅਕਾਲੀ ਦਲ-ਭਾਜਪਾ ਗੱਠਜੋੜ ਵੇਲੇ ਜਿਹੜੀਆਂ ਸੀਟਾਂ ਭਾਜਪਾ ਦੇ ਹਿੱਸੇ ਵਿੱਚ ਸਨ, ਅਕਾਲੀ ਦਲ ਉਨਾਂ ਸ਼ਹਿਰੀ ਖੇਤਰ ਦੀਆਂ ਸੀਟਾਂ ਉੱਪਰ ਸੀਨੀਅਰ ਭਾਜਪਾ ਆਗੂਆਂ ਨੂੰ ਦਲ ਵਿੱਚ ਸ਼ਾਮਲ ਕਰਕੇ ਉਮੀਦਵਾਰ ਬਣਾਉਣ ਦੀ ਨੀਤੀ ’ਤੇ ਕੰਮ ਕਰ ਰਿਹਾ ਹੈ। ਸਿਆਸੀ ਮਾਹਿਰਾਂ ਅਨੁਸਾਰ ਅਕਾਲੀ ਦਲ ਦਾ ਇਹ ਪੈਂਤੜਾ ਚੱਲ ਵੀ ਸਕਦਾ ਹੈ ਕਿਉਂਕਿ ਨੋਟਬੰਦੀ,ਜੀਐਸਟੀ ਅਤੇ ਖੇਤੀ ਕਾਨੂੰਨਾਂ ਕਾਰਨ ਵਪਾਰੀ ਵਰਗ ਦਾ ਵੱਡਾ ਹਿੱਸਾ ਭਾਜਪਾ ਤੋਂ ਨਾਰਾਜ਼ ਚੱਲ ਰਿਹਾ ਹੈ।