ਬਰਨਾਲਾ,26 ਨਵੰਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਸ਼ਨੀਵਾਰ ਬਰਨਾਲਾ ਦੌਰੇ ’ਤੇ ਆ ਰਹੇ ਹਨ। ਮੁੱਖ ਮੰਤਰੀ ਚੰਨੀ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਵਾਈਜ਼ ਕਾਂਗਰਸੀ ਆਗੂਆਂ/ਵਰਕਰਾਂ ਨਾਲ ਮਿਲਣੀਆਂ ਦਾ ਸਿਲਸਿਲਾ ਸ਼ੁਰੂੁ ਕੀਤਾ ਗਿਆ ਹੈ, ਜਿਸ ਤਹਿਤ ਮੁੱਖ ਮੰਤਰੀ ਬਰਨਾਲਾ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ, ਬਰਨਾਲਾ ਅਤੇ ਭਦੌੜ ’ਚ ਪਾਰਟੀ ਵਰਕਰਾਂ ਨੂੰ ਮਿਲਣਗੇ। ਤਿੰਨੇ ਵਿਧਾਨ ਸਭਾ ਹਲਕਿਆਂ ’ਚ ਕਾਂਗਰਸ ਦੀ ਸਿਆਸੀ ਸਥਿਤੀ ਚੰਗੀ ਨਹੀਂ ਹੈ। ਤਿੰਨੇ ਹਲਕਿਆਂ ਵਿੱਚ ਸਥਾਪਿਤ ਆਗੂਆਂ ਵਿਰੁੱਧ ਬਗਾਵਤ ਦੀ ਚਿੰਗਾਰੀ ਸੁਲਗ ਰਹੀ ਹੈ। ਮਹਿਲ ਕਲਾਂ ’ਚ ਬੀਬੀ ਹਰਚੰਦ ਕੌਰ ਘਨੌਰੀ ਖ਼ਿਲਾਫ਼ ਟਕਸਾਲੀ ਕਾਂਗਰਸੀਆਂ ਨੇ ਇੱਕ ਗਰੁੱਪ ਬਣਾ ਕੇ ਝੰਡਾ ਚੁੱਕਿਆ ਹੋਇਆ ਹੈ। ਇਹ ਗਰੁੱਪ ਸ਼ਰੇਆਮ ਐਲਾਨ ਕਰ ਚੁੱਕਾ ਹੈ ਕਿ ਬੀਬੀ ਘਨੌਰੀ ਨੂੰ ਟਿਕਟ ਮਿਲਣ ਦੀ ਸੂਰਤ ਵਿੱਚ ਉਹ ਕਿਸੇ ਵੀ ਹਾਲਤ ਵਿੱਚ ਬੀਬੀ ਘਨੌਰੀ ਦੀ ਹਮਾਇਤ ਨਹੀਂ ਕਰਨਗੇ। ਭਦੌੜ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਦਲਬਦਲੀ ਕਰਕੇ ਕਾਂਗਰਸ ਵਿੱਚ ਸ਼ਾਮਲ ਹੋਏ ਵਿਧਾਇਕ ਪਿਰਮਲ ਸਿੰਘ ਧੌਲਾ ਦੇ ਖ਼ਿਲਾਫ਼ ਬੀਬੀ ਸੁਰਿੰਦਰ ਕੌਰ ਬਾਲੀਆ ਤੋਂ ਇਲਾਵਾ ਕੁਝ ਹੋਰ ਕਾਂਗਰਸੀਆਂ ਨੇ ਵੀ ਬਗਾਵਤ ਕੀਤੀ ਹੋਈ ਹੈ। ਕਾਂਗਰਸ ਪਾਰਟੀ ਲਈ ਬਰਨਾਲਾ ਜ਼ਿਲੇ ਵਿੱਚ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹਲਕਾ ਬਰਨਾਲਾ ਮੰਨਿਆ ਜਾ ਰਿਹਾ ਹੈ ਜਿੱਥੇ ਸਾਬਕਾ ਵਿਧਾਇਕ ਅਤੇ ਟਿਕਟ ਦੇ ਮਜ਼ਬੂਤ ਦਾਅਵੇਦਾਰ ਕੇਵਲ ਸਿੰਘ ਢਿੱਲੋਂ ਮੁਕਾਬਲੇ ਸਰਗਰਮ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਟਿਕਟ ਦਾ ਦਾਅਵਾ ਠੋਕ ਦਿੱਤਾ ਹੈ। ਕਾਲਾ ਢਿੱਲੋਂ ਦੀ ਹਮਾਇਤ ਵਿੱਚ ਟਕਸਾਲੀ ਕਾਂਗਰਸੀਆਂ ਦਾ ਉਹ ਸਾਰਾ ਗਰੁੱਪ ਹੈ ਜਿਨਾਂ ਦਾ ਕੇਵਲ ਸਿੰਘ ਢਿੱਲੋਂ ਨਾਲ 36 ਦਾ ਅੰਕੜਾ ਹੈ। ਜ਼ਿਲ੍ਹੇ ਵਿੱਚ ਜਦ ਵੀ ਕੋਈ ਕੈਬਨਿਟ ਮੰਤਰੀ ਜਾਂ ਸੀਨੀਅਰ ਆਗੂ ਆਇਆ ਤਾਂ ਤਿੰਨੇ ਹਲਕਿਆਂ ਵਿੱਚ ਕਾਂਗਰਸੀ ਦੀ ਧੜੇਬੰਦੀ ਖੁੱਲ ਕੇ ਸਾਹਮਣੇ ਆਈ। ਹੁਣ ਜਦੋਕਿ ਮੁੱਖ ਮੰਤਰੀ ਖ਼ੁਦ ਜ਼ਿਲੇ ’ਚ ਆ ਰਹੇ ਹਨ ਤਾਂ ਵੇਖਣਾ ਹੋਵੇਗਾ ਕਿ ਸਥਾਪਿਤ ਆਗੂਆਂ ਵਿਰੁੱਧ ਬਗਾਵਤੀ ਸੁਰਾਂ ਕੱਢਣ ਵਾਲੇ ਕਾਂਗਰਸੀ ਆਗੂਆਂ ਦੀ ਭੂਮਿਕਾ ਕਿਹੋ ਜਿਹੇ ਹੋਵੇਗੀ। ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਤਿੰਨੇ ਵਿਧਾਨ ਸਭਾ ਹਲਕਿਆਂ ’ਚ ਮੁੱਖ ਮੰਤਰੀ ਚੰਨੀ ਦੇ ਸਮਾਗਮਾਂ ਵਿੱਚ ਟਿਕਟ ਦੇ ਦਾਅਵੇਦਾਰਾਂ ਨੂੰ ਅਨੁਸਾਸ਼ਨ ਵਿੱਚ ਰਹਿ ਕੇ ਸ਼ਕਤੀ ਪ੍ਰਦਰਸ਼ਨ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਕੁੱਲ ਮਿਲਾ ਕੇ ਮੁੱਖ ਮੰਤਰੀ ਚੰਨੀ ਦੇ ਬਰਨਾਲਾ ਜ਼ਿਲ੍ਹੇ ਦਾ ਸਿਆਸੀ ਦੌਰੇ ਉੱਪਰ ਸਭ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ ਕਿ ‘ਕਾਂਗਰਸ ਪਾਰਟੀ ਕੋਲ ਅਨਾਰ ਸਿਰਫ਼ ਇੱਕੋ ਹੀ ਹੈ ਪ੍ਰੰਤੂ ਬਿਮਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਅਨਾਰ ਦੇ ਦਾਣੇ ਖਿੰਡਰਨ ਤੋਂ ਕਿਵੇਂ ਰੋਕੇ ਜਾਣਗੇ’। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸੂਬੇ ’ਚ ਜਿਹੜੇ ਹਲਕੇ ਵਿੱਚ ਵੀ ਜਾਂਦੇ ਹਨ ਉੱਥੇ ਕਿਸੇ ਇੱਕ ਆਗੂ ਦਾ ਨਾਮ ਲੈ ਕੇ ਉਸ ਨੂੰ ਡਾਹਢਾ ਮਾਣ ਦੇ ਕੇ ਕਹਿੰਦੇ ਹਨ ‘‘ਖਾਲੀ ਕਾਗ਼ਜ਼ ’ਤੇ ਜੋ ਮਰਜ਼ੀ ਲਿਖ ਕੇ ਮੇਰੇ ਦਸਤਖ਼ਤ ਕਰਵਾ ਲਵੋ’’। ਬਰਨਾਲਾ ਜ਼ਿਲੇ ’ਚ ਮੁੱਖ ਮੰਤਰੀ ਇਹ ਮਾਣ ਕਿਸੇ ਆਗੂ ਨੂੰ ਦੇਣਗੇ ਜਾਂ ਬਹੁਤੇ ਮੁਲਾਹਜ਼ੇਦਾਰਾਂ ਵਾਲੀ ਕਹਾਵਤ ਵਾਂਗ ਚੁੱਪ ਵੱਟਣਗੇ?