ਬਰਨਾਲਾ, 28 ਨਵੰਬਰ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਵੈਲਫੇਅਰ ਕਲੱਬ ਅਤੇ ਲਾਈਨਜ ਕਲੱਬ ਵਲੋਂ ਇਕ ਵਿਸ਼ਾਲ ਮੈਗਾ ਮੈਡੀਕਲ ਕੈਂਪ ਚੇਅਰਮੈਨ ਵਿਵੇਕ ਸਿੰਧਵਾਨੀ ਦੀ ਅਗਵਾਈ ਵਿਚ ਬੀ ਵੀ ਐਮ ਇੰਟਰਨੈਸ਼ਨਲ ਸਕੂਲ ਖੁੱਡੀ ਰੋਡ ਵਿਖੇ ਲਗਾਇਆ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿਲੋਂ ਅਤੇ ਟ੍ਰਾਈਡੈਂਟ ਗਰੁੱਪ ਦੇ ਅਧਿਕਾਰੀ ਅਤੇ ਸਾਬਕਾ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਸਨ। ਜਦ ਕਿ ਭਦੌੜ ਦੇ ਪ੍ਰਮੁੱਖ ਸਮਾਜਸੇਵੀ ਡਾ ਵਿਪਨ ਗੁਪਤਾ ,ਸਿਵਲ ਸਰਜਨ ਡਾ ਜਸਬੀਰ ਔਲਖ, ਭਾਜਪਾ ਦੇ ਬੁਲਾਰੇ ਦਰਸ਼ਨ ਸਿੰਘ ਨੈਣੇਵਾਲੀਆ ਅਤੇ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਪ੍ਰੀਤ ਸਿੰਘ ਸਿੱਧੂ, ਦੰਦਾਂ ਦੇ ਮਾਹਿਰ ਡਾ. ਰਾਜੀਵ ਗਰਗ, ਅੱਖਾਂ ਦੇ ਮਾਹਿਰ ਡਾ. ਰੁਪੇਸ਼ ਸਿੰਗਲਾ, ਚਮੜੀ ਦੇ ਰੋਗਾਂ ਦੇ ਮਾਹਿਰ ਡਾ. ਮੇਜਰ ਕਾਕੁਲ ਅਤੇ ਮਾਨਸਿਕ ਰੋਗਾਂ ਦੇ ਮਾਹਿਰ ਡਾ ਤਨੁ ਗਰਗ ਨੇ ਕੈਂਪ ਵਿਚ ਆਏ ਸੈਂਕੜੇ ਮਰੀਜਾਂ ਦਾ ਚੈਕਅਪ ਕੀਤਾ। ਕੈਂਪ ਵਿਚ ਮਰੀਜਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸਾਂਝਾ ਆਸਰਾ ਵੈਲਫੇਅਰ ਸੋਸਾ. ਵਲੋਂ ਮਰੀਜਾਂ ਦੇ ਫ੍ਰੀ ਟੈਸਟ ਵੀ ਕੀਤੇ ਗਏ। ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ ਨੇ ਦੱਸਿਆ ਕਿ ਬਰਨਾਲਾ ਵੈਲਫੇਅਰ ਕਲੱਬ ਦੀ ਸਥਾਪਨਾ 2005 ਵਿਚ ਕੀਤੀ ਗਈ ਸੀ। ਕਲੱਬ ਵਲੋਂ ਹਰ ਸਾਲ ਮੈਗਾ ਮੈਡੀਕਲ ਕੈਂਪ ਅਤੇ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ ਜਾਂਦੀਆਂ ਹਨ। ਇਸ ਮੌਕੇ ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਰੱਬ ਤੋਂ ਬਾਅਦ ਡਾਕਟਰ ਹੀ ਇਨਸਾਨ ਲਈ ਪ੍ਰਮਾਤਮਾ ਦਾ ਰੂਪ ਹਨ। ਇਨਸਾਨ ਕੋਲ ਚਾਹੇ ਦੁਨੀਆ ਦੀ ਸਾਰੀ ਦੌਲਤ ਹੋਵੇ। ਪਰ ਜੇਕਰ ਸਿਹਤ ਠੀਕ ਨਹੀਂ ਤਾਂ ਕੁਝ ਵੀ ਚੰਗਾ ਨਹੀਂ ਲਗਦਾ। ਡਾਕਟਰਾਂ ਵਲੋਂ ਜੋ ਸਮਾਜ ਸੇਵਾ ਕੀਤੀ ਜਾਂਦੀ ਹੈ, ਉਸਦਾ ਮੁੱਲ ਕੋਈ ਵੀ ਮੋੜ ਨਹੀਂ ਸਕਦਾ। ਮੁਫਤ ਅਤੇ ਚੰਗੀਆਂ ਸਿਹਤ ਸੇਵਾਵਾਂ ਦੇਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ।
ਸਰਵ ਸ਼ਕਤੀਮਾਨ ਪ੍ਰਮਾਤਮਾ ਨੇ ਰਚਿਆ ਸੰਸਾਰ, ਪਰ ਚੰਗੀ ਸਿਹਤ ਤੋਂ ਬਿਨਾਂ ਕੁਝ ਵੀ ਨਹੀਂ ਚੰਗਾ
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਨੇ ਇਸ ਕੈਂਪ ਵਿਚ ਆਪਣਾ ਯੋਗਦਾਨ ਪਾਉਣ ਲਈ 51 ਹਜਾਰ ਰੁਪਏ ਦੀ ਰਾਸ਼ੀ ਭੇਜੀ ਹੈ। ਕੈਂਪ ਨੂੰ ਸੰਬੋਧਨ ਕਰਦਿਆਂ ਜਿਲੇ ਦੇ ਸਿਹਤ ਸੇਵਾਵਾਂ ਦੇ ਮੁਖੀ ਸਿਵਲ ਸਰਜਨ ਡਾ. ਜਸਵੀਰ ਔਲਖ ਨੇ ਕਿਹਾ ਕਿ ਵਧ ਰਹੇ ਪ੍ਰਦੂਸ਼ਣ ਕਾਰਨ ਆਮ ਲੋਕਾਂ ਵਿਚ ਬੀਮਾਰੀਆਂ ਵੀ ਵਧ ਰਹੀਆਂ ਹਨ। ਇਸ ਲਈ ਮੁਫਤ ਮੈਡੀਕਲ ਕੈਂਪ ਲਗਾਉਣਾ ਇਸ ਸਮੇਂ ਦੀ ਸਭ ਤੋਂ ਵੱਡੀ ਜਰੂਰਤ ਹੈ।