ਚੰਡੀਗੜ੍ਹ-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਕੋਰੋਨਾ ਦੇ ਨਵੇਂ ਸਰੂਪ “ਓਮੀਕਰੋਨ” ਪ੍ਰਭਾਵਤ ਦੇਸ਼ਾਂ ਤੋਂ ਭਾਰਤ ਆਉਣ ਵਾਲੀਆਂ ਸਾਰੀਆਂ ਹਵਾਈ ਉਡਾਣਾਂ ‘ਤੇ ਮੁਕੰਮਲ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕਰੋਨਾ ਦਾ ਨਵਾਂ ਸਰੂਪ ਬੇਹੱਦ ਖਤਰਨਾਕ ਹੈ ਅਤੇ ਇਸ ਨੂੰ ਭਾਰਤ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਦਿੱਲੀ ਵਿੱਚ ਵੀ ਸ੍ਰੀ ਕੇਜਰੀਵਾਲ ਦੀ ਸਰਕਾਰ ਨੇ ਆਫਤ ਪ੍ਰਬੰਧਨ ਅਥਾਰਟੀ ਦੀ ਸੋਮਵਾਰ ਹੰਗਾਮੀ ਬੈਠਕ ਸੱਦੀ ਹੈ ਜਿਸ ਵਿੱਚ ਕੋਰੋਨਾ ਦੇ ਨਵੇਂ ਸਰੂਪ ਨਾਲ ਨਜਿੱਠਣ ਲਈ ਗੰਭੀਰ ਚਰਚਾ ਹੋਵੇਗੀ। ਸ੍ਰੀ ਅਰਵਿੰਦ ਕੇਜਰੀਵਾਲ ਦੀ ਕੋਰੋਨਾ ਦੇ ਨਵੇਂ ਸਰੂਪ ਸਬੰਧੀ ਚਿੰਤਾ ਨੂੰ ਵੇਖਦੇ ਹੋਏ ਅੰਦਾਜ਼ਾ ਹੈ ਕਿ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਕੋਰੋਨਾ ਸਬੰਧੀ ਪਾਬੰਦੀਆਂ ਜਲਦੀ ਲਾਗੂ ਕਰ ਸਕਦੀ ਹੈ।