ਬਰਨਾਲਾ, 01 ਦਸੰਬਰ (ਨਿਰਮਲ ਸਿੰਘ ਪੰਡੋਰੀ) : ਇੱਕ ਪਾਸੇ ਮੌਸਮ ਦੀ ਤਬਦੀਲੀ ਨਾਲ ਲੋਕਾਂ ਨੂੰ ਠੰਡ ਦੀ ਕੰਬਣੀ ਲੱਗਣੀ ਸ਼ੁਰੂ ਹੋ ਗਈ ਹੈ ਪੰ੍ਰਤੂ ਇਸ ਦੇ ਨਾਲ ਹੀ ਮਹਿੰਗਾਈ ਨੇ ਵੀ ਲੋਕਾਂ ਨੂੰ ਜ਼ਬਰਦਸਤ ਝਟਕੇ ਦਿੱਤੇ ਹਨ। 1 ਦਸੰਬਰ ਦਿਨ ਬੁੱਧਵਾਰ ਤੋਂ ਕੁਝ ਅਜਿਹੀਆਂ ਚੀਜਾਂ ਦੇ ਰੇਟ ਬਹੁਤ ਜ਼ਿਆਦਾ ਵਧ ਗਏ ਹਨ ਜਿਹੜੀਆਂ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਹਨ ਭਾਵ ਜਿਨਾਂ ਬਿਨਾਂ ਲੋਕਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਚੁੱਕਾ ਹੈ। 1 ਦਸੰਬਰ ਤੋਂ 19 ਕਿੱਲੋਗ੍ਰਾਮ ਭਾਰ ਵਾਲਾ ਕਮਰਸ਼ੀਅਲ ਗੈਸ ਸਿਲੰਡਰ 100 ਰੁਪਏ ਮਹਿੰਗਾ ਮਿਲੇਗਾ। 1 ਦਸੰਬਰ ਤੋਂ ਹੀ ਜੀਓ ਟੈਲੀਕਾਮ ਕੰਪਨੀ ਨੇ ਮੋਬਾਇਲ ਰੀਚਾਰਜ਼ 21 ਫ਼ੀਸਦੀ ਤੱਕ ਵਧਾ ਦਿੱਤੇ ਹਨ ਭਾਵ ਹੁਣ ਹਰ ਮਹੀਨੇ ਜੀਓ ਕੰਪਨੀ ਤੁਹਾਡੀ ਜ਼ੇਬ ’ਚੋ ਹੋਰ ਪੈਸੇ ਲਵੇਗੀ। ਇਸ ਤੋਂ ਇਲਾਵਾ ਐਸਬੀਆਈ ਕ੍ਰੈਡਿਟ ਕਾਰਡ ਪਹਿਲਾਂ ਨਾਲੋਂ ਹੋਰ ਮਹਿੰਗਾ ਹੋ ਗਿਆ ਹੈ,ਜੇਕਰ ਤੁਸੀ ਐਸਬੀਆਈ ਦੇ ਕ੍ਰੈਡਿਟ ਕਾਰਡ ’ਤੇ ਖ਼ਰੀਦ ਕਰਦੇ ਹੋ ਤਾਂ ਤਹਾਨੂੰ ਪਹਿਲਾਂ ਨਾਲੋਂ ਬੈਂਕ ਨੂੰ ਵੱਧ ਚਾਰਜ ਦੇਣਾ ਪਵੇਗਾ। 1 ਦਸੰਬਰ ਤੋਂ ਹੀ ਲੋਕਾਂ ਲਈ ਟੀਵੀ ਚੈਨਲ 35 ਤੋਂ 50 ਫ਼ੀਸਦੀ ਹੋਰ ਮਹਿੰਗੇ ਹੋ ਜਾਣਗੇ ਭਾਵ ਡੀਟੀਐਚ ਰੀਚਾਰਜ ਕੀਮਤਾਂ ਪਹਿਲਾਂ ਨਾਲੋਂ ਵੱਧ ਗਈਆਂ ਹਨ। ਪੰਜਾਬ ਨੈਸ਼ਨਲ ਬੈਂਕ ਨੇ ਸੇਵਿੰਗ ਅਕਾਊਂਟ ਦੀਆਂ ਵਿਆਜ਼ ਦਰਾਂ ਵਿੱਚ ਕਟੌਤੀ ਕਰਕੇ ਆਪਣੇ ਗਾਹਕਾਂ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਹੈ। ਮਹਿੰਗਾਈ ਦੀਆਂ ਦਰਾ ਨੂੰ ਅੱਗ ਲੱਗਣ ਦੇ ਨਾਲ-ਨਾਲ ਸੱਚੀਮੁੱਚੀ ਅੱਗ ਲਾਉਣ ਵਾਲੀ ਤੀਲੀ ਵੀ ਦੁੱਗਣੀ ਮਹਿੰਗੀ ਹੋ ਗਈ ਹੈ। ਹੁਣ ਮਾਚਿਸ ਦੀ ਡੱਬੀ 1 ਰੁਪਏ ਦੀ ਬਜਾਏ 2 ਰੁਪਏ ਦੀ ਮਿਲੇਗੀ। 1 ਦਸੰਬਰ ਤੋਂ ਲਾਗੂ ਹੋਏ ਇੱਕ ਹੋਰ ਵੱਡੇ ਫ਼ੈਸਲੇ ਅਨੁਸਾਰ 30 ਨਵੰਬਰ ਤੱਕ ਆਪਣਾ ਯੂਨੀਵਰਸਲ ਅਕਾਊਂਟ ਨੰਬਰ (ਯੂਐਨਏ) ਆਧਾਰ ਨਾਲ ਲਿੰਕ ਨਾ ਕਰਨ ਵਾਲਿਆਂ ਦੇ ਖਾਤੇ ਵਿੱਚ 1 ਦਸੰਬਰ ਤੋਂ ਪੀਐਫ ਦਾ ਪੈਸਾ ਨਹੀਂ ਆਵੇਗਾ। ਅੱਛੇ ਦਿਨਾਂ ਦੀ ਉਡੀਕ ਵਾਲਿਆਂ ਲਈ ਮਹਿੰਗਾਈ ਦੀ ਇਸ ਸੌਗਾਤ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਹੋਰ ਵਧਾ ਦੇਵੇਗੀ, ਜਿਸ ਦਾ ਰੀਐਕਸ਼ਨ ਅਗਲੀਆਂ ਚੋਣਾਂ ’ਚ ਹੋ ਸਕਦਾ ਹੈ।