ਬਰਨਾਲਾ, 1 ਦਸੰਬਰ (ਨਿਰਮਲ ਸਿੰਘ ਪੰਡੋਰੀ) : ਐਸ ਡੀ ਕਾਲਜ ਵਿਖੇ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਸ਼ਤਰੰਜ ਮੁਕਾਬਲੇ (ਲੜਕੇ-ਲੜਕੀਆਂ) ਸੰਪੰਨ ਹੋ ਗਏ। ਲੜਕਿਆਂ ਦੇ ਵਰਗ ’ਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਬਾਜ਼ੀ ਮਾਰੀ ਜਦਕਿ ਮੇਜ਼ਬਾਨ ਐਸ ਡੀ ਕਾਲਜ ਨੂੰ ਦੂਜਾ ਅਤੇ ਯੂਨੀਵਰਸਿਟੀ ਕੈਂਪਸ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ। ਲੜਕੀਆਂ ਦੇ ਵਰਗ ਵਿਚ ਐਸ ਡੀ ਕਾਲਜ ਦੀ ਟੀਮ ਚੈਂਪੀਅਨ ਬਣੀ। ਯੂਨੀਵਰਸਿਟੀ ਕੈਂਪਸ ਦੀ ਟੀਮ ਨੂੰ ਦੂਜਾ ਅਤੇ ਗੁਰੂ ਨਾਨਕ ਕਾਲਜ ਬੁਢਲਾਡਾ ਨੂੰ ਤੀਜਾ ਸਥਾਨ ਮਿਲਿਆ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਐਸ ਡੀ ਕਾਲਜ ਐਜੂਕੇਸ਼ਨਲ ਸੁਸਾਇਟੀ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਅਦਾ ਕੀਤੀ। ਉਹਨਾਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਬਾਕੀ ਖਿਡਾਰੀਆਂ ਨੂੰ ਵੀ ਖੇਡ ਭਾਵਨਾ ਨਾਲ ਟੂਰਨਾਮੈਂਟ ਵਿਚ ਹਿੱਸਾ ਲੈਣ ਦੀ ਵਧਾਈ ਦਿੰਦਿਆਂ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਉਮੀਦ ਪ੍ਰਗਟਾਈ ਕਿ ਇਸ ਟੂਰਨਾਮੈਂਟ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਆਉਣ ਵਾਲੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਸੰਸਥਾ ਦੇ ਖੇਡ ਅਧਿਆਪਕਾਂ ਡਾ. ਬਹਾਦਰ ਸਿੰਘ, ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਅਤੇ ਪ੍ਰੋ. ਜਸਵਿੰਦਰ ਕੌਰ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਖੇਡ ਵਿਭਾਗ ਇਸੇ ਤਰਾਂ ਯੂਨੀਵਰਸਿਟੀ ਅਤੇ ਰਾਜ ਪੱਧਰ ’ਤੇ ਸਰਗਰਮ ਰਹੇਗਾ। ਮੁਕਾਬਲੇ ਦੇ ਪ੍ਰਬੰਧਕੀ ਸਕੱਤਰ ਡਾ. ਬਹਾਦਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਸਟੇਜ ਸੰਚਾਲਨ ਡਾ. ਤਰਸਪਾਲ ਕੌਰ ਨੇ ਕੀਤਾ। ਮੁਕਾਬਲਿਆਂ ਤੋਂ ਬਾਅਦ ਯੂਨੀਵਰਸਿਟੀ ਟੀਮ ਲਈ ਖਿਡਾਰੀਆਂ ਦੇ ਟਰਾਇਲ ਲਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਰੀਆਂ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ, ਟੀਮਾਂ ਦੇ ਇੰਚਾਰਜ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।