ਚੰਡੀਗੜ- ਪੰਜਾਬ ਮੰਤਰੀ ਮੰਡਲ ਨੇ ਅੰਡਰ ਗਰੈਜੂਏਟ ਅਤੇ ਪੋਸਟ ਗਰੇਜੂਏਟ ਕੋਰਸਾਂ ਲਈ ‘ਮੁੱਖ ਮੰਤਰੀ ਵਜ਼ੀਫਾ ਸਕੀਮ’ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਸ ਸਕੀਮ ਤਹਿਤ ਜਨਰਲ ਵਰਗ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਕਵਰ ਕੀਤਾ ਜਾਵੇਗਾ। ਇਹ ਸਕੀਮ ਸਿਰਫ਼ ਸਰਕਾਰੀ ਕਾਲਜਾਂ ਪੜਦੇ ਵਿਦਿਆਰਥੀਆਂ ਲਈ ਹੀ ਲਾਗੂ ਹੋਵੇਗੀ ਜਿਸ ਅਨੁਸਾਰ ਵਜ਼ੀਫੇ ਦੀ ਰਕਮ ਯੂਨੀਵਰਸਿਟੀ ਵੱਲੋਂ ਵਸੂਲ ਕੀਤੀ ਜਾਂਦੀ ਫ਼ੀਸ ਦੇ ਅਨੁਪਾਤ ਮੁਤਾਬਿਕ ਹੋਵੇਗੀ। ਜੇਕਰ ਵਿਦਿਆਰਥੀ 60 ਤੋਂ ਵੱਧ ਤੇ 70 ਫ਼ੀਸਦੀ ਤੋਂ ਘੱਟ ਅੰਕ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਯੂਨੀਵਰਸਿਟੀ ਫ਼ੀਸ ਵਿੱਚ 70 ਫ਼ੀਸਦੀ ਛੋਟ ਦਿੱਤੀ ਜਾਵੇਗੀ। ਜੇਕਰ ਵਿਦਿਆਰਥੀ 70 ਤੋਂ ਵੱਧ ਅਤੇ 80 ਫ਼ੀਸਦੀ ਤੋਂ ਘੱਟ ਅੰਕ ਲੈਦਾ ਹੈ ਤਾਂ ਇਹ ਛੋਟ 80 ਫ਼ੀਸਦੀ ਹੋਵੇਗੀ। 80 ਤੋਂ 90 ਫ਼ੀਸਦੀ ਵਿਚਕਾਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 90 ਫ਼ੀਸਦੀ ਛੋਟ ਦਿੱਤੀ ਜਾਵੇਗੀ। ਜੇਕਰ ਕੋਈ ਵਿਦਿਆਰਥੀ 90 ਤੋਂ ਵੱਧ ਅਤੇ 100 ਫ਼ੀਸਦੀ ਤੋਂ ਘੱਟ ਅੰਕ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ 100 ਫ਼ੀਸਦੀ ਛੋਟ ਯੂਨੀਵਰਸਿਟੀ ਫ਼ੀਸ ਵਿੱਚ ਦਿੱਤੀ ਜਾਵੇਗੀ। ਇਸ ਸਕੀਮ ਤਹਿਤ ਉਨਾਂ ਵਿਦਿਆਰਥੀਆਂ ਨੂੰ ਹੀ ਕਵਰ ਕੀਤਾ ਜਾਵੇਗਾ ਜਿੰਨਾਂ ਨੂੰ ਕੋਈ ਹੋਰ ਵਜ਼ੀਫਾ ਨਾ ਮਿਲਦਾ ਹੋਵੇ। ਇਸ ਤੋਂ ਇਲਾਵਾ ਮੁੱਖ ਮੰਤਰੀ ਵਜ਼ੀਫਾ ਸਕੀਮ ਦਾ ਲਾਭ ਲੈਣ ਵਾਲਾ ਵਿਦਿਆਰਥੀ ਸਾਰੇ ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।