ਚੰਡੀਗੜ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਗਾਇਕੀ ਤੋਂ ਰਾਜਨੀਤੀ ਦਾ ਸਫ਼ਰ ਸ਼ੁਰੂ ਕਰ ਲਿਆ ਹੈ। ਸਿੱਧੂ ਮੂਸੇਵਾਲਾ ਨੇ ਚੰਡੀਗੜ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਪਧਾਨ ਨਵਜੋਤ ਸਿੰਘ ਸਿੱਧੂ , ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਕਈ ਹੋਰ ਮੰਤਰੀਆਂ ਦੀ ਹਾਜ਼ਰੀ ’ਚ ਕਾਂਗਰਸ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਨੇ ਕਿਹਾ ਕਿ 3-4 ਸਾਲ ਦੀ ਗਾਇਕੀ ਤੋਂ ਬਾਅਦ ਉਸ ਨੇ ਸੋਚ ਵਿਚਾਰ ਕੇ ਰਾਜਨੀਤੀ ’ਚ ਆਉਣ ਦਾ ਫ਼ੈਸਲਾ ਲਿਆ ਹੈ। ਸਿੱਧੂ ਨੇ ਕਿਹਾ ਕਿ ‘ਸਿਸਟਮ ਨੂੰ ਬਦਲਣ ਲਈ ਸਿਸਟਮ ਦਾ ਹਿੱਸਾ ਬਣਨਾ ਜ਼ਰੂਰੀ ਹੈ’। ਪੰਜਾਬ ਕਾਂਗਰਸ ਦੀ ਤਾਰੀਫ਼ ਕਰਦੇ ਹੋਏ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਕਾਂਗਰਸ ਆਮ ਲੋਕਾਂ ਦੀ ਪਾਰਟੀ ਹੈ, ਕਾਂਗਰਸ ਵਿੱਚ ਮਿਹਨਤਕਸ਼ ਲੋਕਾਂ ਦੀ ਕਦਰ ਹੁੰਦੀ ਹੈ। ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਹੀ ਸਿੱਧੂ ਮੂਸੇਵਾਲਾ ਨੇ ਵੱਡੀ ਸਿਆਸੀ ਗੱਲ ਕਰਦੇ ਹੋਏ ਕਿਹਾ ਕਿ ‘‘ਬਠਿੰਡਾ ਅਤੇ ਮਾਨਸਾ ਮੇਰੇ ਨਾਲ ਜੁੜਿਆ ਹੋਇਆ ਹੈ’’। ਪ੍ਰੈਸ ਕਾਨਫਰੰਸ ਤੋਂ ਤੁਰੰਤ ਬਾਅਦ ਸਿੱਧੂ ਮੂਸੇਵਾਲਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਦਿੱਲੀ ਹਾਈਕਮਾਂਡ ਦੇ ਅਸ਼ੀਰਵਾਦ ਲਈ ਰਵਾਨਾ ਹੋਇਆ। ਸਿੱਧੂ ਮੂਸੇਵਾਲੇ ਵੱਲੋਂ ਵਿਧਾਨ ਸਭਾ ਦੀ ਚੋਣ ਲੜਨਾ ਲੱਗਭੱਗ ਤੈਅ ਹੈ, ਜਿਸ ਦਾ ਸੰਕੇਤ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੌਜਵਾਨ ਪੀੜੀ ’ਚ ਕਾਫੀ ਹਰਮਨ ਪਿਆਰਾ ਗਾਇਕ ਹੈ, ਜਿਸ ਦੇ ਸੋਸ਼ਲ ਮੀਡੀਆ ’ਤੇ ਕਰੋੜਾਂ ਫਾਲੋਅਰ ਹਨ ਪ੍ਰੰਤੂ ਸਿੱਧੂ ਮੂਸੇਵਾਲਾ ਆਪਣੇ ਚਹੇਤਿਆਂ ਨੂੰ ਕਾਂਗਰਸ ਨਾਲ ਕਿਵੇਂ ਜੋੜੇਗਾ, ਇਹ ਉਸ ਲਈ ਚੈਿਜ ਹੋਵੇਗਾ ਕਿਉਂਕਿ ਸਿੱਧੂ ਦੇ ਚਹੇਤਿਆਂ ’ਚ ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਸ਼ਾਮਲ ਹਨ।