ਬਰਨਾਲਾ 4 ਦਸੰਬਰ (ਨਿਰਮਲ ਸਿੰਘ ਪੰਡੋਰੀ)–ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਧੂਰੀ ਹਲਕੇ ਦੇ ਉਮੀਦਵਾਰ ਸਬੰਧੀ ਲਏ ਫ਼ੈਸਲੇ ਨੂੰ ਸਿਆਸੀ ਹਲਕਿਆਂ ਚ ਬੜੀ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਧੂਰੀ ਹਲਕੇ ਤੋਂ ਸ੍ਰੀ ਪ੍ਰਕਾਸ਼ ਚੰਦ ਗਰਗ ਨੂੰ ਸੰਗਰੂਰ ਤੋਂ ਬਦਲ ਕੇ ਉਮੀਦਵਾਰ ਐਲਾਨ ਦਿੱਤਾ ਜਦਕਿ ਸੰਗਰੂਰ ਹਲਕੇ ਤੋਂ ਯੂਥ ਨੇਤਾ ਵਿਨਰਜੀਤ ਸਿੰਘ ਗੋਲਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ।ਗੋਲਡੀ ਦਾ ਢੀਂਡਸਾ ਪਰਿਵਾਰ ਨਾਲ ਸ਼ੁਰੂ ਤੋਂ ਹੀ 36 ਦਾ ਅੰਕੜਾ ਰਿਹਾ ਹੈ ਅਤੇ ਗੋਲਡੀ ਨੂੰ ਪੀਆਰਟੀਸੀ ਦੇ ਚੇਅਰਮੈਨ ਵੀ ਉਸ ਵੇਲੇ ਬਣਾਇਆ ਗਿਆ ਸੀ ਜਦੋਂ ਢੀਂਡਸਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸੀ। ਜ਼ਿਕਰਯੋਗ ਹੈ ਕਿ ਧੂਰੀ ਤੋਂ ਬਰਨਾਲਾ ਪਰਿਵਾਰ ਦੇ ਵਾਰਿਸ ਗਗਨਜੀਤ ਸਿੰਘ ਬਰਨਾਲਾ ਬਤੌਰ ਹਲਕਾ ਇੰਚਾਰਜ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਬਰਨਾਲਾ ਛੱਡ ਕੇ ਪੱਕੇ ਤੌਰ ‘ਤੇ ਆਪਣਾ ਡੇਰਾ ਧੂਰੀ ਵਿਖੇ ਹੀ ਲਗਾਇਆ ਹੋਇਆ ਹੈ ਪ੍ਰੰਤੂ ਧੂਰੀ ਹਲਕੇ ਤੋਂ ਅਚਾਨਕ ਪ੍ਰਕਾਸ਼ ਚੰਦ ਗਰਗ ਨੂੰ ਉਮੀਦਵਾਰ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਿਆਸੀ ਮਾਹਿਰਾਂ ਨੂੰ ਵੀ ਹੈਰਾਨ ਕੀਤਾ ਹੈ। ਚਰਚਾ ਇਹ ਵੀ ਹੈ ਕਿ ਬਰਨਾਲਾ ਪਰਿਵਾਰ ਖੁਦ ਹੀ ਧੂਰੀ ਹਲਕੇ ਨੂੰ ਬਦਲਣ ਦਾ ਚਾਹਵਾਨ ਹੈ।ਹੁਣ ਸਭ ਦੀਆਂ ਨਜ਼ਰਾਂ ਬਰਨਾਲਾ ਪਰਿਵਾਰ ਵੱਲ ਟਿਕੀਆਂ ਹੋਈਆਂ ਹਨ। ਕੀ ਬਰਨਾਲਾ ਪਰਿਵਾਰ ਵਾਪਸ ਆਪਣੇ ਜੱਦੀ ਸ਼ਹਿਰ ਪਰਤੇਗਾ ? ਕੀ ਬਰਨਾਲਾ ਪਰਿਵਾਰ ਅਗਲੀ ਚੋਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਲੜੇਗਾ ਜਾਂ ਫਿਰ ਪਾਰਟੀ ਕੋਈ ਹੋਰ ਹੋਵੇਗੀ ?