ਚੰਡੀਗੜ੍ਹ 5 ਦਸੰਬਰ (ਨਿਰਮਲ ਸਿੰਘ ਪੰਡੋਰੀ)- ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਜਵਾਬ ਦਿੰਦੇ ਹੋਏ ਆਪ ਦੇ ਪੰਜਾਬ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ “ਮੈਂ ਵਿਕਾਊ ਨਹੀਂ ਹੈ ਮੈਂ ਵਿਕਾਊ ਨਹੀਂ ਹਾਂ ਅਤੇ ਮੇਰਾ ਕੋਈ ਮੁੱਲ ਵੀ ਨਹੀਂ ਹੈ ਕਿਉਂਕਿ ਮੈਂ ਵੇਖਣ ਵਾਲਿਆਂ ਦੀ ਮਾਰਕੀਟ ਵਿੱਚ ਨਹੀਂ ਹਾਂ” । ਭਗਵੰਤ ਮਾਨ ਨੇ ਕਿਹਾ ਕਿ “ਮੈਨੂੰ ਨਾ ਤਾਂ ਈਡੀ ਦਾ ਕੋਈ ਦਬਾਅ ਹੈ, ਨਾ ਸੀਬੀਆਈ ਮੈਨੂੰ ਡਰਾ ਸਕਦੀ ਹੈ ਅਤੇ ਨਾ ਹੀ ਮੈਨੂੰ ਇਨਕਮ ਟੈਕਸ ਵਾਲਿਆਂ ਦਾ ਕੋਈ ਡਰ ਹੈ, ਕਿਉਂਕਿ ਮੇਰਾ ਰਾਜਨੀਤਿਕ ਜੀਵਨ ਸਾਫ਼ ਸੁਥਰਾ ਹੈ”। ਮਾਨ ਨੇ ਕਿਹਾ ਕਿ ਭਾਜਪਾ ਖ਼ਰੀਦੋ ਫ਼ਰੋਖ਼ਤ ਦੀ ਰਾਜਨੀਤੀ ‘ਤੇ ਉਤਰ ਆਈ ਹੈ ਅਤੇ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਨੂੰ ਵੀ ਫੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਚਿਤ ਸਮਾਂ ਆਉਣ ਤੇ ਫੋਨ ਕਰਨ ਵਾਲਿਆਂ ਦੇ ਨਾਮ ਉਜਾਗਰ ਕਰ ਦਿੱਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਜਿਹੜੀ ਪਾਰਟੀ ਨੇ ਇਕ ਸਾਲ ਤਕ ਕਿਸਾਨਾਂ,ਮਜ਼ਦੂਰਾਂ,ਬਜ਼ੁਰਗਾਂ,ਮਹਿਲਾਵਾਂ ਨੂੰ ਦਿੱਲੀ ਦੀਆਂ ਹੱਦਾਂ ‘ਤੇ ਬਿਠਾ ਕੇ ਜ਼ਲੀਲ ਕੀਤਾ ਹੋਵੇ ਉਸ ਪਾਰਟੀ ਵਿੱਚ ਸ਼ਾਮਲ ਹੋਣ ਦੀ ਬਜਾਏ ਉਹ ਆਪਣੇ ਘਰ ਬੈਠ ਜਾਣਗੇ। ਪੰਜਾਬ ਦੀ ਚੰਨੀ ਸਰਕਾਰ ‘ਤੇ ਵਰ੍ਹਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਪੰਜਾਬ ‘ਚ ‘ਅਲੀ ਬਾਬਾ ਚਾਲੀ ਚੋਰਾਂ’ ਦੀ ਸਰਕਾਰ ਸੀ ਜਿਸ ਦਾ ਅਲੀਬਾਬਾ ਮੁੱਖਮੰਤਰੀ ਕਾਂਗਰਸ ਨੇ ਬਦਲ ਦਿੱਤਾ ਪ੍ਰੰਤੂ ਚੋਰ ਪਹਿਲਾਂ ਵਾਲੇ ਹੀ ਹਨ। ਮੁੱਖ ਮੰਤਰੀ ਚੰਨੀ ਵੱਲੋਂ ਆਪਣੇ ਕਾਰਜਕਾਲ ਦਾ ਹਿਸਾਬ ਦੇਣ ‘ਤੇ ਟਿੱਪਣੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਤੋਂ ਪੂਰੇ ਪੰਜ ਸਾਲਾਂ ਦਾ ਹਿਸਾਬ ਕਿਤਾਬ ਲੈਣਗੇ।