ਚੰਡੀਗੜ – ਲੋਕ ਸਭਾ ਹਲਕਾ ਸੰਗਰੂਰ ਤੋਂ ਮੌਜੂਦਾ ਮੈਂਬਰ ਭਗਵੰਤ ਮਾਨ ਦੇ ਭਾਜਪਾ ਵਿੱਚ ਸ਼ਾਮਲ ਹੋ ਕੇ ਕੇਂਦਰੀ ਮੰਤਰੀ ਬਣਨ ਸੰਬੰਧੀ ਅਫਵਾਹਾਂ ਦਾ ਭਾਵੇਂ ਸ੍ਰੀ ਮਾਨ ਨੇ ਖੰਡਨ ਕਰ ਦਿੱਤਾ ਹੈ ਪੰ੍ਰਤੂ ਸੰਗਰੂਰ ਨਾਲ ਸੰਬੰਧਿਤ ਇਕ ਰਾਜ ਸਭਾ ਮੈਂਬਰ ਦਾ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਸ਼ਰਤਾਂ ਸਹਿਤ ਗੱਠਜੋੜ ਦੀ ਗੱਲ ਆਖੀ ਹੈ। ਜੇਕਰ ਢੀਂਡਸਾ ਅਤੇ ਭਾਜਪਾ ਦਾ ਗੱਠਜੋੜ ਹੁੰਦਾ ਹੈ ਤਾਂ ਚੋਣਾਂ ਦੇ ਮੱਦੇਨਜ਼ਰ ਢੀਂਡਸਾ ਨੂੰ ਮਜ਼ਬੂਤ ਆਧਾਰ ਦੇਣ ਲਈ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ (ਸ) ਦੇ ਬਹੁਤੇ ਆਗੂ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਲਈ ਭਾਜਪਾ ਨਾਲ ਗੱਠਜੋੜ ਦੇ ਹਾਮੀ ਹਨ। ਪਿਛਲੇ ਦਿਨੀ ਸ. ਢੀਂਡਸਾ ਵੱਲੋਂ ਜ਼ਿਲਾ ਪ੍ਰਧਾਨਾਂ ਦੀ ਬੁਲਾਈ ਮੀਟਿੰਗ ਦੌਰਾਨ ਸਿਰਫ਼ ਦੋ ਜ਼ਿਲਾ ਪ੍ਰਧਾਨਾਂ ਨੇ ਹੀ ਭਾਜਪਾ ਨਾਲ ਗੱਠਜੋੜ ਨਾ ਕਰਨ ਦੀ ਸਲਾਹ ਦਿੱਤੀ ਸੀ ਜਦਕਿ ਬਾਕੀ ਹਾਜ਼ਰ ਆਗੂਆਂ ਨੇ ਗੱਠਜੋੜ ਸੰਬੰਧੀ ਹਾਮੀ ਭਰੀ ਸੀ। ਅਜੇ ਕੁਝ ਦਿਨ ਪਹਿਲਾਂ ਤੱਕ ਢੀਂਡਸਾ ਗਰੁੱਪ ਦਾ ‘ਆਪ’ ਨਾਲ ਗੱਠਜੋੜ ਦੀ ਚਰਚਾ ਸੀ ਪਰ ਸ. ਢੀਂਡਸਾ ਨੇ ਬੇਬਾਕੀ ਨਾਲ ਆਖ ਦਿੱਤਾ ਕਿ ‘‘ਆਪ ਵਾਲੇ ਬਹੁਤੇ ਉੱਚੇ ਬੈਠੇ ਹਨ’’। ਜਿਸ ਤੋਂ ਬਾਅਦ ਢੀਂਡਸਾ ਗਰੁੱਪ ਦੇ ਆਪ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ ਹਨ ਤੇ ਭਾਜਪਾ ਨਾਲ ਗੱਠਜੋੜ ਦੇ ਰਾਹ ਖੁੱਲ ਗਏ ਹਨ। ਸ. ਸੁਖਦੇਵ ਸਿੰਘ ਢੀਂਡਸਾ ਦੇ ਭਾਜਪਾ ਆਗੂਆਂ ਨਾਲ ਸ਼ੁਰੂ ਤੋਂ ਹੀ ਸਿਆਸੀ ਸੰਬੰਧ ਚੰਗੇ ਰਹੇ ਹਨ। ਪੰਜਾਬ ਦੀ ਰਾਜਨੀਤੀ ’ਚ ਰੁਚੀ ਰੱਖਣ ਵਾਲਿਆਂ ਲਈ ਕਿਸੇ ਵੇਲੇ ਵੀ ਢੀਂਡਸਾ ਦੇ ਭਾਜਪਾ ਨਾਲ ਗੱਠਜੋੜ ਦੀ ਖ਼ਬਰ ਮਿਲ ਸਕਦੀ ਹੈ ਕਿਉਂਕਿ ਦੋਵੇ ਪਾਸੇ ਕਿਸੇ ਪਰਿਵਾਰ ਵਿੱਚ ਕਈ ਵਰਿਆਂ ਬਾਅਦ ਹੋ ਰਹੇ ਵਿਆਹ ਸਮਾਗਮ ਮੌਕੇ ਨਾਨਕਿਆਂ/ਦਾਦਕਿਆਂ ਦੇ ਮਿਲਾਪ ਵਰਗੀ ਤਾਂਘ ਹੈ।