ਬਰਨਾਲਾ, 09 ਦਸੰਬਰ (ਨਿਰਮਲ ਸਿੰਘ ਪੰਡੋਰੀ) : ਦੇਸ਼ ਦੇ ਪਹਿਲੇ ਸੀਐਸਡੀ ਸ੍ਰੀ ਬਿਪਿਨ ਰਾਵਤ ਦਾ ਆਪਣੀ ਪਤਨੀ ਤੇ ਸਟਾਫ ਦੇ ਕੁਝ ਮੈਂਬਰਾਂ ਸਮੇਤ ਇੱਕ ਜਹਾਜ਼ ਹਾਦਸੇ ’ਚ ਸ਼ਹੀਦ ਹੋ ਜਾਣਾ ਸਮੁੱਚੇ ਮੁਲਕ ਲਈ ਬੇਹੱਦ ਦੁਖ਼ਦਾਈ ਪਲ ਹਨ। ਹਵਾਈ ਸਫ਼ਰ ਸਮੇਂ ਦੇ ਪੱਖ ਤੋਂ ਸਭ ਤੋਂ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ ਪਰ ਸਮੇਂ-ਸਮੇਂ ਹੋਏ ਹਵਾਈ ਹਾਦਸਿਆਂ ਵਿੱਚ ਆਮ ਲੋਕਾਂ ਦੇ ਨਾਲ-ਨਾਲ ਕੁਝ ਨਾਮਵਰ ਸਖ਼ਸੀਅਤਾਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਨਵੰਬਰ 1963 ’ਚ ਜੰਮੂ ਕਸ਼ਮੀਰ ’ਚ ਫੌਜ ਦਾ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਜਿਸ ਵਿੱਚ ਭਾਰਤੀ ਫੌਜ ਦੇ 6 ਅਧਿਕਾਰੀਆਂ ਦੀ ਜਾਨ ਗਈ। ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦੀ ਜਾਨ ਵੀ ਹਵਾਈ ਹਾਦਸੇ ਵਿੱਚ ਹੀ ਗਈ। ਏਅਰ ਫੋਰਸ ਦੇ ਏਅਰ ਵਾਇਸ ਮਾਰਸ਼ਲ ਏਰਲਿੰਕ ਪਿੰਟੋ ਵੀ ਹਵਾਈ ਹਾਦਸੇ ਦਾ ਸ਼ਿਕਾਰ ਹੋਏ। ਸੀਨੀਅਰ ਕਾਂਗਰਸੀ ਆਗੂ ਮੋਹਨ ਕੁਮਾਰ ਮੰਗਲਮ ਦੀ ਮੌਤ ਵੀ ਹਵਾਈ ਹਾਦਸੇ ’ਚ ਹੋਈ ਸੀ। 1980 ’ਚ ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਦੀ ਮੌਤ ਵੀ ਜਹਾਜ਼ ਕਰੈਸ਼ ਹੋਣ ਕਾਰਨ ਹੀ ਹੋਈ ਸੀ। 2001 ਵਿੱਚ ਅਰੁਣਾਚਲ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨਟੁੰਗ ਅਤੇ 30 ਸਤੰਬਰ 2001 ਨੂੰ ਸੀਨੀਅਰ ਕਾਂਗਰਸੀ ਆਗੂ ਮਾਧਵ ਰਾਓ ਸਿੰਧੀਆ ਅਤੇ 2002 ’ਚ ਲੋਕ ਸਭਾ ਸਪੀਕਰ ਬਾਲਾਯੋਗੀ ਦੀ ਮੌਤ ਵੀ ਹਵਾਈ ਹਾਦਸੇ ’ਚ ਹੋਈ ਸੀ। 2004 ’ਚ ਕੇਂਦਰੀ ਮੰਤਰੀ ਸੀ. ਸੰਗਮਾ, 2005 ’ਚ ਹਰਿਆਣਾ ਦੇ ਪਾਵਰ ਮੰਤਰੀ ਓਪੀ ਜਿੰਦਲ, 2009 ’ਚ ਆਂਧਰਾ ਪ੍ਰਦੇਸ਼ ਦੇ ਸਾਬਕਾ ਮੰਤਰੀ ਵਾਈਐਸ ਰਾਜ ਸੇਖਰ ਰੈਡੀ ਦੀ ਮੌਤ ਵੀ ਹਵਾਈ ਹਾਦਸੇ ’ਚ ਹੋਈ ਸੀ। ਇਨਾਂ ਹਵਾਈ ਹਾਦਸਿਆਂ ਤੋਂ ਇਲਾਵਾ ਵੀ ਫੌਜ ਦੇ ਕਈ ਪਾਇਲਟ ਅਤੇ ਫੌਜੀ ਜਹਾਜ਼ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਜਹਾਜ਼ ਕਰੈਸ਼ ਹੋਣ ਕਾਰਨ ਬੇਵਕਤ ਮਾਰੇ ਗਏ। ਦੇਸ਼ ਦੇ ਸੀਡੀਐਸ ਦੀ ਹਵਾਈ ਹਾਦਸੇ ’ਚ ਮੌਤ ਤੋਂ ਬਾਅਦ ਸਰਕਾਰ ਅਤੇ ਭਾਰਤੀ ਫੌਜ ਹਵਾਈ ਤਕਨੀਕ ਬਾਰੇ ਅੱਪਡੇਟ ਹੋਵੇਗੀ ਜਾਂ ਇਹ ਹਵਾਈ ਹਾਦਸਾ ਵੀ ਪਹਿਲਾਂ ਵਾਲੇ ਹਵਾਈ ਹਾਦਸਿਆਂ ਵਾਂਗ ਕੌੜੀ ਯਾਦ ਬਣ ਜਾਵੇਗਾ।