ਬਰਨਾਲਾ, 13 ਦਸੰਬਰ (ਨਿਰਮਲ ਸਿੰਘ ਪੰਡੋਰੀ ) : ਜ਼ਿਲ੍ਹੇ ਦੇ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਛੀਨੀਵਾਲ ਕਲਾਂ ਦੀ ਸਰਪੰਚ ਨੇ ਪਿੰਡ ਦੀ ਲੱਗਭੱਗ 50 ਏਕੜ ਜ਼ਮੀਨ ਵਿੱਚੋਂ ਨਜਾਇਜ਼ ਮਾਈਨਿੰਗ ਦਾ ਖੁਲਾਸਾ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਉਪਰ ਇਸ ਮਾਮਲੇ ਪ੍ਰਤੀ ਪੰਚਾਇਤ ਦੀ ਸੁਣਵਾਈ ਨਾ ਕਰਨ ਦੇ ਦੋਸ਼ ਵੀ ਲਗਾਏ ਹਨ। ਸਥਾਨਕ ਰੈਸਟ ਹਾਊਸ ’ਚ ਪੈ੍ਰਸ ਕਾਨਫਰੰਸ ਦੌਰਾਨ ਸਿਮਲਜੀਤ ਕੌਰ ਸਰਪੰਚ ਨੇ ਦੱਸਿਆ ਕਿ ਪਿੰਡ ਦੀ ਲੱਗਭੱਗ 50 ਏਕੜ ਦੀ ਮਲਕੀਅਤ ਸਬੰਧੀ ਪਿਛਲੇ ਕਈ ਸਾਲਾਂ ਤੋਂ ਕਾਬਜ਼ਦਾਰਾਂ ਅਤੇ ਗ੍ਰਾਮ ਪੰਚਾਇਤ ਵਿਚਕਾਰ ਰੇੜਕਾ ਚੱਲ ਰਿਹਾ ਹੈ। ਇਸ ਸਬੰਧੀ ਮਾਨਯੋਗ ਹਾਈਕੋਰਟ ਵਿੱਚ ਵੀ ਮਾਮਲਾ ਵਿਚਾਰ ਅਧੀਨ ਹੈ ਅਤੇ ਹਾਈਕੋਰਟ ਨੇ ਇਸ ਜ਼ਮੀਨ ਸਬੰਧੀ ਸਟੇਟਸਕੋ ਆਰਡਰ ਜਾਰੀ ਕੀਤੇ ਹੋਏ ਹਨ। ਸਰਪੰਚ ਨੇ ਕਿਹਾ ਕਿ ਹਾਈਕੋਰਟ ਦੇ ਆਰਡਰਾਂ ਦੇ ਬਾਵਜੂਦ ਵੀ ਮੌਜੂਦਾ ਕਾਬਜ਼ਦਾਰਾਂ ਵੱਲੋਂ ਉਕਤ ਜ਼ਮੀਨ ਵਿੱਚੋਂ ਮਿੱਟੀ ਪੁੱਟ ਕੇ ਵੇਚੀ ਜਾ ਰਹੀ ਹੈ ਅਤੇ ਮਿੱਟੀ ਪੁੱਟਣ ਸੰਬੰਧੀ ਕੋਈ ਮਨਜ਼ੂਰੀ ਵੀ ਨਹੀਂ ਲਈ ਗਈ। ਸਰਪੰਚ ਦੇ ਦੱਸਣ ਅਨੁਸਾਰ ਇਸ ਸਬੰਧੀ ਬੀਡੀਪੀਓ, ਡੀਡੀਪੀਓ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੱਕ ਵੀ ਲਿਖ਼ਤੀ ਦਰਖਾਸਤਾਂ ਦੇ ਕੇ ਧਿਆਨ ’ਚ ਲਿਆਂਦਾ ਜਾ ਚੁੱਕਾ ਹੈ। ਪ੍ਰੰਤੂ ਕਿਸੇ ਵੀ ਪੜਾਅ ’ਤੇ ਕਿਸੇ ਵੀ ਅਧਿਕਾਰੀ ਨੇ ਕੋਈ ਸੁਣਵਾਈ ਨਹੀ ਕੀਤੀ। ਸਰਪੰਚ ਨੇ ਦੱਸਿਆ ਕਿ ਮੌਜੂਦਾ ਕਾਬਜ਼ਦਾਰਾਂ ਵੱਲੋਂ ਲੱਗਭੱਗ ਛੇ ਮਹੀਨਿਆਂ ਤੋਂ ਉਕਤ ਜ਼ਮੀਨ ’ਚੋਂ ਮਿੱਟੀ ਪੁੱਟੀ ਜਾ ਰਹੀ ਹੈ, ਜਿਸ ਸਬੰਧੀ ਉਹ ਗ੍ਰ੍ਰਾਮ ਪੰਚਾਇਤ ਵੱਲੋਂ ਬਤੌਰ ਸਰਪੰਚ ਹਾਈਕੋਰਟ ਦੀ ਅਗਲੀ ਸੁਣਵਾਈ ’ਤੇ ਅਰਜ਼ੀ ਵੀ ਲਗਾ ਰਹੇ ਹਨ। ਸਰਪੰਚ ਸਿਮਲਜੀਤ ਕੌਰ ਨੇ ਦੱਸਿਆ ਕਿ ਉਕਤ ਜ਼ਮੀਨ ਸਬੰਧੀ ਹਾਈਕੋਰਟ ’ਚ ਚਲਦਾ ਕੇਸ ਵਾਪਸ ਲੈਣ ਲਈ ਉਸ ਉੱਪਰ ਦਬਾਅ ਬਣਾਇਆ ਗਿਆ ਪ੍ਰੰਤੂ ਜਦ ਉਸਨੇ ਕੇਸ ਵਾਪਸ ਲੈਣ ਸਬੰਧੀ ਕੋਈ ਵੀ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਉਸਦੀ ਪੰਚਾਇਤ ਦਾ ਕੋਰਮ ਭੰਗ ਕਰ ਦਿੱਤਾ ਗਿਆ। ਜਿਸ ਕਾਰਨ ਪਿੰਡ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਸਰਪੰਚ ਸਿਮਲਜੀਤ ਕੌਰ ਨੇ ਮੰਗ ਕੀਤੀ ਕਿ ਉਕਤ ਮਾਮਲੇ ’ਚ ਮੌਜੂਦਾ ਕਾਬਜ਼ਕਾਰਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਨੰਬਰਦਾਰ ਪਿ੍ਰਤਪਾਲ ਸਿੰਘ ਨੇ ਕਿਹਾ ਕਿ ਉਕਤ ਜ਼ਮੀਨ ਵਿੱਚੋਂ ਮੌਜੂਦਾ ਕਾਬਜ਼ਕਾਰਾਂ ਵੱਲੋਂ ਮਾਈਨਿੰਗ ਵਿਭਾਗ ਦੇ ਨਿਯਮਾਂ ਦੇ ਉਲਟ ਮਿੱਟੀ ਪੁੱਟੀ ਜਾ ਰਹੀ ਹੈ। ਜਿਸ ਸੰਬੰਧੀ ਧਿਆਨ ’ਚ ਲਿਆਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਕੋਈ ਕਾਰਵਾਈ ਨਹੀ ਕਰ ਰਿਹਾ। ਇਸ ਮੌਕੇ ਗੁਰਦੀਪ ਕੌਰ, ਰਾਜਾ ਸਿੰਘ, ਸਮਸ਼ੇਰ ਸਿੰਘ, ਕੌਰ ਸਿੰਘ ਤੇ ਜਸਪਾਲ ਸਿੰਘ (ਸਾਰੇ ਪੰਚ), ਬਲਵੰਤ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਛੀਨੀਵਾਲ ਕਲਾਂ, ਨੰਬਰਦਾਰ ਅਵਤਾਰ ਸਿੰਘ ਆਦਿ ਵੀ ਹਾਜ਼ਰ ਸਨ।
ਬਾਕਸ ਆਈਟਮ–
ਇਸ ਸਬੰਧੀ ਸੰਪਰਕ ਕਰਨ ’ਤੇ ਮੌਜੂਦਾ ਪੰਚ ਨਿਰਭੈ ਸਿੰਘ ਨੇ ਦੱਸਿਆ ਕਿ ਉਕਤ ਜ਼ਮੀਨ ਮੁਸ਼ਤਰਕਾ ਮਾਲਕਾਂ ਕਮੇਟੀ ਦੇ ਕਬਜ਼ੇ ਅਧੀਨ ਹੈ, ਜਿਸ ਸਬੰਧੀ ਸਰਪੰਚ ਤੇ ਕੁੱਝ ਪੰਚਾਂ ਵੱਲੋਂ ਕਿਸੇ ਵੀ ਤਰਾਂ ਦਾ ਉਜਰ ਕੀਤੇ ਜਾਣਾ ਜਾਇਜ਼ ਨਹੀ ਹੈ। ਮੁਸ਼ਤਰਕਾ ਮਾਲਕਾਂ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਉਕਤ ਜ਼ਮੀਨ ਵਿੱਚੋਂ ਮਿੱਟੀ ਚੁੱਕਣ ਸੰਬੰਧੀ ਮਨਜ਼ੂਰੀ ਬਾਰੇ ਸਵਾਲ ਦੇ ਜਵਾਬ ’ਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਨਜ਼ੂਰੀ ਲੈਣ ਲਈ ਮਾਈਨਿੰਗ ਵਿਭਾਗ ਨੂੰ ਅਰਜ਼ੀ ਦਿੱਤੀ ਹੋਈ ਹੈ। ਮਨਜ਼ੂਰੀ ਮਿਲਣ ਜਾਂ ਨਾ ਮਿਲਣ ਬਾਰੇ ਸੁਖਵਿੰਦਰ ਸਿੰਘ ਨੇ ਕੋਈ ਠੋਸ ਜਵਾਬ ਨਹੀ ਦਿੱਤਾ। ਪਿੰਡ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਸੰਬੰਧੀ ਸਰਪੰਚ ਦੇ ਦੋਸ਼ਾਂ ਬਾਰੇ ਜਦ ਐਸਡੀਐਮ ਵਰਜੀਤ ਸਿੰਘ ਵਾਲੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।