-ਪੜ੍ਹੋ…ਰਾਜਿੰਦਰ ਸਿੰਘ ਦਾ ਜ਼ਿਲ੍ਹੇ ਨਾਲ ਕੀ ਹੈ ਰਿਸ਼ਤਾ ਨਾਤਾ…!
ਬਰਨਾਲਾ 25 ਮਈ (ਨਿਰਮਲ ਸਿੰਘ ਪੰਡੋਰੀ)
ਬਰਨਾਲਾ ਖੇਤਰ ਦੀ ਧਰਤੀ ਨੂੰ ਕ੍ਰਾਂਤੀਕਾਰੀਆਂ ਦੀ ਧਰਤੀ ਮੰਨਿਆ ਜਾਂਦਾ ਹੈ। ਬੁਰਜੂਆ ਸ਼੍ਰੇਣੀ ਦਾ ਮੂੰਹ ਮੋੜਨ ਵਾਲੇ ਕਈ ਵੱਡੇ ਵੱਡੇ ਅੰਦੋਲਨਾਂ ਦੀ ਸ਼ੁਰੂਆਤ ਬਰਨਾਲਾ ਦੀ ਧਰਤੀ ਤੋਂ ਹੋਈ ਹੈ ਅਤੇ ਅਜਿਹੇ ਹੀ ਕੁਝ ਵੱਡੇ ਅੰਦੋਲਨਾਂ ਵਿੱਚ ਬਰਨਾਲਾ ਖੇਤਰ ਦੇ ਕ੍ਰਾਂਤੀਕਾਰੀ ਸੋਚ ਦੇ ਮਾਲਕ ਲੋਕਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਅਜੋਕੇ ਦੌਰ ‘ਚ ਵੀ ਕਈ ਵੱਡੇ ਵੱਡੇ ਹੈਰਾਨੀਜਨਕ ਫ਼ੈਸਲੇ ਲੈਣ ਵਾਲੀਆਂ ਹਸਤੀਆਂ ਦਾ ਸੰਬੰਧ ਬਰਨਾਲਾ ਦੀ ਧਰਤੀ ਨਾਲ ਜੁੜਿਆ ਹੋਇਆ ਹੈ। ਪੰਜਾਬ ਦੇ ਅਹੁਦੇ ਤੋਂ ਹਟਾਏ ਸਿਹਤ ਮੰਤਰੀ ਵਿਜੈ ਸਿੰਗਲਾ ਕਰੱਪਸ਼ਨ ਕਾਂਡ ਦਾ ਖੁਲਾਸਾ ਕਰਨ ਵਾਲੀ ਹਸਤੀ ਦਾ ਸਬੰਧ ਵੀ ਬਰਨਾਲਾ ਦੀ ਧਰਤੀ ਨਾਲ ਹੀ ਨਿਕਲਿਆ। ਜੀ ਹਾਂ ! ਸਿਹਤ ਮੰਤਰੀ ਵੱਲੋਂ ਟੈਂਡਰਾਂ ਵਿੱਚੋਂ ਕਮਿਸ਼ਨ ਮੰਗਣ ਦੀ ਕਹਾਣੀ ਦਾ ਖੁਲਾਸਾ ਕਰਨ ਵਾਲੇ ਅਫ਼ਸਰ ਰਜਿੰਦਰ ਸਿੰਘ ਦਾ ਸਬੰਧ ਬਰਨਾਲਾ ਜ਼ਿਲ੍ਹੇ ਨਾਲ ਹੈ। ਰਜਿੰਦਰ ਸਿੰਘ ਜੋ ਇਸ ਵੇਲੇ ਪੰਜਾਬ ਸਿਹਤ ਸਿਸਟਮਜ ਨਿਗਮ ਵਿਚ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਬਰਨਾਲਾ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਦੇ ਜੰਮਪਲ ਹਨ। ਰਜਿੰਦਰ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਖੁੱਡੀ ਕਲਾਂ ਦੇ ਸਕੂਲ ਤੋਂ ਹੀ ਕੀਤੀ ਪ੍ਰੰਤੂ ਉਹ ਨੌਕਰੀ ਦੇ ਕਾਰਨ ਪਿੰਡ ਤੋਂ ਸ਼ਿਫਟ ਕਰ ਗਏ ਸਨ ਜੋ ਅੱਜਕੱਲ੍ਹ ਮੁਹਾਲੀ ਵਿਖੇ ਰਹਿ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਇਸੇ ਸਾਲ ਦੇ ਨਵੰਬਰ ਮਹੀਨੇ ਵਿਚ ਸੇਵਾਮੁਕਤ ਵੀ ਹੋ ਰਹੇ ਹਨ। ਆਮ ਤੌਰ ‘ਤੇ ਸੇਵਾਮੁਕਤੀ ਦੇ ਨੇੜੇ ਜਾ ਕੇ ਸਰਕਾਰੀ ਅਫ਼ਸਰ ਅਤੇ ਮੁਲਾਜ਼ਮ ਕੰਮ ਘੱਟ ਕਰਨ ਲੱਗਦੇ ਹਨ ਤਾਂ ਜੋ ਉਨ੍ਹਾਂ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ ਅਤੇ ਉਹ ਸੁਖੀ ਸਾਂਦੀ ਆਪਣੇ ਘਰ ਚਲੇ ਜਾਣ ਪ੍ਰੰਤੂ ਰਾਜਿੰਦਰ ਸਿੰਘ ਨੇ ਆਪਣੀ ਸੇਵਾਮੁਕਤੀ ਤੋਂ ਸਿਰਫ਼ ਕੁਝ ਮਹੀਨੇ ਪਹਿਲਾਂ ਇੱਕ ਕੈਬਨਿਟ ਮੰਤਰੀ ਦੇ ਕਰੱਪਸ਼ਨ ਦਾ ਭਾਂਡਾ ਭੰਨਦੇ ਹੋਏ ਮੁੱਖ ਸ਼ਿਕਾਇਤਕਰਤਾ ਦੀ ਭੂਮਿਕਾ ਵੀ ਕਬੂਲ ਕੀਤੀ। ਸੂਤਰਾਂ ਅਨੁਸਾਰ ਜਦੋਂ ਰਜਿੰਦਰ ਸਿੰਘ ਨੇ ਸਿਹਤ ਮੰਤਰੀ ਦੇ ਕਮਿਸ਼ਨ ਦੀ ਗੱਲ ਆਪਣੇ ਸੀਨੀਅਰ ਅਧਿਕਾਰੀ ਨਾਲ ਕੀਤੀ, ਜਿਸ ਨੇ ਸਾਰਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਤਾਂ ਮੁੱਖ ਮੰਤਰੀ ਵੱਲੋਂ ਬੁਣੇ ਸਟਿੰਗ ਆਪ੍ਰੇਸ਼ਨ ਦੇ ਜਾਲ ਦੌਰਾਨ ਰਜਿੰਦਰ ਸਿੰਘ ਨੇ ਹੀ ਸਿਹਤ ਮੰਤਰੀ ਦੀ ਆਡੀਓ ਤਿਆਰ ਕੀਤੀ । ਇਸੇ ਆਡੀਓ ਕਲਿੱਪ ਦੇ ਆਧਾਰ ‘ਤੇ ਹੀ ਮੁੱਖ ਮੰਤਰੀ ਨੇ ਸਿਹਤ ਮੰਤਰੀ ਖ਼ਿਲਾਫ਼ ਵੱਡਾ ਐਕਸ਼ਨ ਲਿਆ। ਬਰਨਾਲਾ ਦੀ ਧਰਤੀ ਦੇ ਜੰਮਪਲ ਅਫ਼ਸਰ ਵੱਲੋਂ ਸਿਹਤ ਮੰਤਰੀ ਦੇ ਟੀਕਾ ਲਗਾਉਣ ਦੀ ਚਰਚਾ ਜ਼ੋਰਾਂ ‘ਤੇ ਹੈ।
Good Job