ਬਰਨਾਲਾ 2 ਜੁਲਾਈ (ਨਿਰਮਲ ਸਿੰਘ ਪੰਡੋਰੀ)-ਪੰਜਾਬ ਦੇ ਡੀਜੀਪੀ ਸ੍ਰੀ ਵੀ ਕੇ ਭਾਵਰਾ ਦੀ ਛੁੱਟੀ ਪੰਜਾਬ ਸਰਕਾਰ ਨੇ ਮਨਜ਼ੂਰ ਕਰ ਲਈ ਹੈ। ਬੀਤੇ ਦਿਨੀਂ ਸ੍ਰੀ ਭਾਵਰਾ ਨੇ ਛੁੱਟੀ ਲਈ ਅਰਜ਼ੀ ਦਿੱਤੀ ਸੀ ਜਿਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੀ ਦੋ ਮਹੀਨੇ ਦੀ ਛੁੱਟੀ ਮਨਜ਼ੂਰ ਕੀਤੀ ਹੈ। ਇਹ ਵੀ ਕਨਸੋਆਂ ਹਨ ਕਿ ਸ੍ਰੀ ਭਾਵਰਾ ਕੇਂਦਰ ਵਿੱਚ ਡੈਪੂਟੇਸ਼ਨ ‘ਤੇ ਜਾਣ ਦੇ ਇੱਛੁਕ ਹਨ ਕਿਉਂਕਿ ਮੋਹਾਲੀ ‘ਚ ਇਨਵੈਸਟੀਗੇਸ਼ਨ ਏਜੰਸੀ ਦੇ ਦਫਤਰ ‘ਤੇ ਹਮਲੇ ਤੋਂ ਬਾਅਦ ਅਤੇ ਸਿੱਧੂ ਮੂਸੇਵਾਲੇ ਦੇ ਕਤਲ ਸਬੰਧੀ ਪੰਜਾਬ ਸਰਕਾਰ ਦੀ ਜਾਂਚ ਤੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡੀਜੀਪੀ ਭਾਵਰਾ ਤੋਂ ਨਾਰਾਜ਼ ਚੱਲ ਰਹੇ ਸਨ। ਪਿਛਲੇ ਕੁਝ ਸਮੇਂ ਤੋਂ ਪੰਜਾਬ ‘ਚ ਅਮਨ ਅਤੇ ਕਾਨੂੰਨ ਦੀ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਮੌਜੂਦਾ ਡੀਜੀਪੀ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਹੁਣ ਸੂਬੇ ‘ਚ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਜਾਵੇਗਾ ਕਿਉਂਕਿ ਪੱਕੇ ਤੌਰ ‘ਤੇ ਡੀਜੀਪੀ ਲਗਾਉਣ ਲਈ ਇਕ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਜਿਸ ਤਹਿਤ ਪੰਜਾਬ ਸਰਕਾਰ ਸੀਨੀਅਰ ਪੁਲਸ ਅਫਸਰਾਂ ਦੀ ਸੂਚੀ ਕੇਂਦਰ ਸਰਕਾਰ ਨੂੰ ਭੇਜੇਗੀ। ਸੂਬੇ ਦੇ ਨਵੇਂ ਪੁਲੀਸ ਮੁਖੀ ਵਜੋਂ ਸੀਨੀਅਰ ਪੁਲੀਸ ਆਫੀਸਰ ਗੌਰਵ ਯਾਦਵ, ਹਰਪ੍ਰੀਤ ਸਿੰਘ ਸਿੱਧੂ ਅਤੇ ਸ਼ਰਦ ਸੱਤਿਆ ਚੌਹਾਨ ਦੇ ਨਾਮ ਸੁਰਖੀਆਂ ਵਿਚ ਹਨ। ਜੇਕਰ ਸ੍ਰੀ ਵੀ ਕੇ ਭਾਵਰਾ ਕੇਂਦਰ ਵਿੱਚ ਡੈਪੂਟੇਸ਼ਨ ‘ਤੇ ਚਲੇ ਜਾਂਦੇ ਹਨ ਤਾਂ ਪੰਜਾਬ ਦੇ ਵਿੱਚ ਨਵਾਂ ਡੀਜੀਪੀ ਨਿਯੁਕਤ ਹੋਵੇਗਾ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਚਾਰ ਕੁ ਮਹੀਨਿਆਂ ਦੇ ਵਕਫ਼ੇ ਦੌਰਾਨ ਹੀ ਸੂਬੇ ਦਾ ਇਹ ਪੰਜਵਾਂ ਪੁਲੀਸ ਮੁਖੀ ਹੋਵੇਗਾ। ਪਿਛਲੀ ਚੰਨੀ ਸਰਕਾਰ ਮੌਕੇ ਸ੍ਰੀ ਦਿਨਕਰ ਗੁਪਤਾ ਤੋਂ ਬਾਅਦ ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਫਿਰ ਉਨ੍ਹਾਂ ਤੋਂ ਬਾਅਦ ਐੱਸ ਚਟੋਪਾਧਿਆਏ ਨੂੰ ਡੀਜੀਪੀ ਲਗਾਇਆ ਗਿਆ ਸੀ।ਸ੍ਰੀ ਭਾਵਰਾ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦਾ ਪੁਲੀਸ ਮੁਖੀ ਲਗਾਇਆ ਗਿਆ ਸੀ।