ਬਰਨਾਲਾ,17 ਜੂਨ (ਨਿਰਮਲ ਸਿੰਘ ਪੰਡੋਰੀ) : ਸਿਆਸੀ ਆਗੂਆਂ ਦੀ ਬਦਕੁਲਾਮੀ ਅਤੇ ਬਦਜ਼ਬਾਨੀ ਅਕਸਰ ਸਮਾਜਿਕ ਮਾਹੌਲ ਅੰਦਰ ਅਜਿਹੀ ਕੁੜੱਤਣ ਪੈਦਾ ਕਰ ਦਿੰਦੇ ਹਨ ਜਿਸ ਕਾਰਨ ਭਾਈਚਾਰਕ ਸਾਂਝ ਅਤੇ ਏਕਤਾ ਖ਼ਤਰੇ ਵਿੱਚ ਪੈ ਜਾਂਦੀ ਹੈ। ਸਿਆਸੀ ਆਗੂ ਆਪਣੇ ਸਿਆਸੀ ਸਵਾਰਥ ਲਈ ਸ਼ਬਦਾਂ ਦੇ ਜਾਲ ਵਿੱਚ ਲੋਕਾਂ ਨੂੰ ਉਲਝਾਉਂਦੇ ਰਹਿੰਦੇ । ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਐਮ.ਪੀ ਰਵਨੀਤ ਸਿੰਘ ਬਿੱਟੂ ਵੀ ਅੱਜ ਕੱਲ੍ਹ ਆਪਣੇ ਵਿਵਾਦਗ੍ਰਸਤ ਬਿਆਨ ਕਰਕੇ ਕਸੂਤੇ ਫਸ ਗਏ ਹਨ। ਅਕਸਰ ਆਪਣੀ ਜ਼ੁਬਾਨ ਕਰਕੇ ਚਰਚਾ ਵਿੱਚ ਰਹਿਣ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਐਸ.ਸੀ. ਕਮਿਸ਼ਨ ਨੇ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ-ਬਸਪਾ ਗੱਠਜੋੜ ਤਹਿਤ ਅਕਾਲੀ ਦਲ ਵੱਲੋਂ ਬਸਪਾ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਸੀਟਾਂ ਛੱਡਣ ’ਤੇ ਟਿੱਪਣੀ ਕਰਦੇ ਹੋਏ ਇਨ੍ਹਾਂ ਸੀਟਾਂ ਨੂੰ ਪਵਿੱਤਰ ਸੀਟਾਂ ਦਾ ਦਰਜਾ ਦਿੰਦੇ ਹੋਏ ਇਹ ਸੀਟਾਂ ਬਸਪਾ ਨੂੰ ਛੱਡਣ ਦਾ ਵਿਰੋਧ ਕੀਤਾ ਸੀ। ਬਿੱਟੂ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਅਤੇ ਬਸਪਾ ਆਗੂਆਂ ਤੋਂ ਇਲਾਵਾ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਵੀ ਬਿੱਟੂ ਦੇ ਇਸ ਬਿਆਨ ਨੂੰ ਜਾਤੀਵਾਦੀ ਕਰਾਰ ਦਿੰਦੇ ਹੋਏ ਸਮੁੱਚੀ ਦਲਿਤ ਕੌਮ ਦਾ ਅਪਮਾਨ ਮੰਨਿਆ ਹੈ। ਬਿੱਟੂ ਦੀ ਇਸ ਵਿਵਾਦਗ੍ਰਸਤ ਤੇ ਬੇਤੁਕੀ ਧਾਰਨਾ ਨੂੰ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਦਲਿਤ ਵਿਰੋਧੀ ਸੋਚ ਦਾ ਸਬੂਤ ਮੰਨਿਆ ਜਾ ਰਿਹਾ ਹੈ। ਐਸੀ.ਸੀ. ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤਜਿੰਦਰ ਕੌਰ ਨੇ ਅਕਾਲੀ ਆਗੂ ਪਵਨ ਕੁਮਾਰ ਟੀਨੂੰ ਦੀ ਸ਼ਿਕਾਇਤ ’ਤੇ ਰਵਨੀਤ ਸਿੰਘ ਬਿੱਟੂ ਨੂੰ 22 ਜੂਨ ਨੂੰ ਨਿੱਜੀ ਤੋਰ ’ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਐਸ.ਸੀ. ਕਮਿਸ਼ਨ ਦਾ ਬਿੱਟੂ ਸਬੰਧੀ ਫ਼ੈਸਲਾ ਸਮੇਂ ਦੀ ਬੁੱਕਲ ’ਚ ਹੈ ਪ੍ਰੰਤੂ ਬਿੱਟੂ ਦੇ ਇਸ ਵਿਵਾਦਗ੍ਰਸਤ ਬਿਆਨ ਤੋਂ ਬਾਅਦ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਮੇਂ ਸਮੇਂ ਸੱਤਾ ਦਾ ਸਵਾਦ ਚੱਖਣ ਵਾਲੇ ਵਾਲੇ ਰਾਜਨੀਤਿਕ ਪਰਿਵਾਰਾਂ ਦੇ ’ਕਾਕੇ‘ ਇਤਿਹਾਸ ਤੋਂ ਬਿਲਕੁਲ ’ਕੋਰੇ‘ ਹਨ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਭਾਈ ਜੈਤਾ ਜੀ ਅਤੇ ਬਾਬਾ ਸੰਗਤ ਸਿੰਘ ਜੀ ਕਰਕੇ ਦਲਿਤ ਕੌਮ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ। ਬਹਰਹਾਲ , ਸਿਆਸੀ ਆਗੂਆਂ ਨੂੰ ਸਿਰਫ਼ ਆਪਣੀ ਵੋਟ ਪਟਾਰੀ ਵੱਡੀ ਕਰਨ ਲਈ ਹੀ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਤਾਰਪੀਡੋ ਕਰਨ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ।