ਨਗਰ ਸੁਧਾਰ ਟਰੱਸਟ ਦਫਤਰ ਵਿਖੇ ਓਮ ਪ੍ਰਕਾਸ਼ ਗਾਸੋ ਨੂੰ ਸਮਰਪਿਤ ਲਾਇਬ੍ਰੇਰੀ ਦਾ ਐਲਾਨ
ਬਰਨਾਲਾ,17 ਜੂਨ (ਨਿਰਮਲ ਸਿੰਘ ਪੰਡੋਰੀ) : ਨਗਰ ਕੌਂਂਸਲ ਬਰਨਾਲਾ ਦੇ ਵਿਹੜੇ ਸਥਿਤ ਸ੍ਰੀ ਰਾਮ ਸਰੂਪ ਅਣਖੀ ਮਿਉਸਿਪਲ ਲਾਇਬ੍ਰੇਰੀ ਦਾ ਸੁਖਾਵਾਂ ਮਾਹੌਲ ਹੁਣ ਜਿੱਥੇ ਸਾਹਿਤਕ ਪ੍ਰੇਮੀਆਂ ਨੂੰ ਮਿਆਰੀ ਪੁਸਤਕਾਂ ਨਾਲ ਜੋੜੇਗਾ, ਉਥੇ ਲਰਨਿੰਗ ਰਿਸੋਰਸ ਸੈਂਟਰ ਨੌਜਵਾਨ ਵਰਗ ਨੂੰ ਸਾਹਿਤ ਤੋਂ ਇਲਾਵਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਆਧੁਨਿਕ ਤਕਨਾਲੋਜੀ ਦੀ ਸਹੂਲਤ ਦੇਵੇਗਾ। ਨਗਰ ਕੌਂਸਲ ਬਰਨਾਲਾ ਵੱਲੋਂ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਇਸ ਲਾਇਬ੍ਰੇਰੀ ਦੀ ਇਮਾਰਤ ਅਤੇ ਬੁਨਿਆਦੀ ਢਾਂਚੇ ਦਾ ਨਵੀਨੀਕਰਨ ਕਰ ਕੇ ਆਧੁਨਿਕ ਰੂਪ ਦਿੱਤਾ ਗਿਆ ਹੈ।
ਲਾਇਬ੍ਰੇਰੀ ਦੇ ਨਵੀਨੀਕਰਨ ਤਹਿਤ ਬਣਾਏ ਮਿਉਸਿਪਲ ਲਰਨਿੰਗ ਸੈਂਟਰ ਦਾ ਉਦਘਾਟਨ ਅੱਜ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ ਨੇ ਕੀਤਾ। ਇਸ ਮੌਕੇ ਉਘੇ ਸਾਹਿਤਕਾਰ ਸ੍ਰੀ ਓਮ ਪ੍ਰਕਾਸ਼ ਗਾਸੋ ਅਤੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੀ ਨਾਲ ਮੌਜੂਦ ਰਹੇ।
ਇਸ ਮੌਕੇ ਸ. ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਮਾਲਵਾ ਖਾਸ ਕਰਕੇ ਬਰਨਾਲਾ ਦੀ ਧਰਤੀ ਉਘੇ ਸਾਹਿਤਕਾਰਾਂ ਦੀ ਧਰਤੀ ਹੈ। ਇਨਾਂ ਉਘੇ ਸਾਹਿਤਕਾਰਾਂ ’ਚੋਂ ਸ੍ਰੀ ਰਾਮ ਸਰੂਪ ਅਣਖੀ ਦੀ ਯਾਦ ਵਿੱਚ ਬਣੀ ਨਗਰ ਕੌਂਸਲ ਦਫਤਰ ਸਥਿਤ ਲਾਇਬ੍ਰੇਰੀ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਨੌਜਵਾਨਾਂ ਨੂੰ ਕਿਤਾਬ ਸੱਭਿਆਚਾਰ ਨਾਲ ਜੋੜਨ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਲਈ ਇਸ ਲਾਇਬ੍ਰੇਰੀ ਵਿਖੇ ਮਿਉਸਿਪਲ ਲਰਨਿੰਗ ਰਿਸੋਰਸ ਸੈਂਟਰ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਕੰਪਿਊਟਰ, ਐਲਈਡੀ, ਪ੍ਰਾਜੈਕਟਰ, ਸਾਊਂਡ ਸਿਸਟਮ, ਇੰਟਰਨੈਟ ਤੇ ਹੋਰ ਡਿਜੀਟਲ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਨੌਜਵਾਨਾਂ ਨੂੰ ਸਿਵਲ ਸੇਵਾਵਾਂ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਹੋਰ ਭਾਸ਼ਾਵਾਂ ਸਿਖਾਉਣ ਲਈ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਉਨਾਂ ਦਫਤਰ ਨਗਰ ਸੁਧਾਰ ਟਰੱਸਟ ਵਿਖੇ ਸ੍ਰੀ ਓਮ ਪ੍ਰਕਾਸ਼ ਗਾਸੋ ਨੂੰ ਸਮਰਪਿਤ ਲਾਇਬ੍ਰੇਰੀ ਬਣਾਉਣ ਦਾ ਐਲਾਨ ਕੀਤਾ।
ਇਸ ਮੌਕੇ ਸ੍ਰੀ ਓਮ ਪ੍ਰਕਾਸ਼ ਗਾਸੋ ਨੇ ਲਾਇਬ੍ਰੇਰੀ ਸੱਭਿਆਚਾਰ ਸੰਭਾਲਣ ਦੇ ਉਦਮ ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਆਖਿਆ ਕਿ ਅਜਿਹੇ ਉਪਰਾਲੇ ਸਾਡੀ ਨੌਜਵਾਨ ਪੀੜੀ ਲਈ ਵਰਦਾਨ ਸਾਬਿਤ ਹੋਣਗੇ।
ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਮਿਉਸਿਪਲ ਲਰਨਿੰਗ ਰਿਸੋਰਸ ਸੈਂਟਰ ਨੌਜਵਾਨਾਂ ਲਈ ਬਿਹਤਰੀਨ ਪਲੈਟਫਾਰਮ ਹੈ। ਉੁਨਾਂ ਆਖਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜ) ਆਦਿਤਯ ਡੇਚਲਵਾਲ, ਉਪ ਮੰਡਲ ਮੈਜਿਸਟ੍ਰੇਟ ਵਰਜੀਤ ਵਾਲੀਆ ਅਤੇ ਨੌਗਰ ਕੌਂਸਲ ਬਰਨਾਲਾ ਵਧਾਈ ਦੀ ਪਾਤਰ ਹੈ, ਜਿਨਾਂ ਦੇ ਉਦਮ ਨਾਲ ਲਾਇਬ੍ਰੇਰੀ ਨੂੰ ਨਵੀਂ ਦਿੱਖ ਅਤੇ ਰੂਪ ਮਿਲਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਆਦਿਤਯ ਡੇਚਲਵਾਲ ਨੇ ਕਿਹਾ ਕਿ ਇਹ ਲਾਇਬ੍ਰੇਰੀ ਦਾ ਆਧੁਨਿਕ ਰੂਪ ਹੈ, ਜਿੱਥੇ ਸਾਹਿਤਕ ਸਮੱਗਰੀ ਦੇ ਨਾਲ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਵਿਸ਼ੇਸ਼ ਪੜਨ ਸਮੱਗਰੀ ਮੁਹੱਈਆ ਕਰਾਈ ਜਾਵੇਗੀ। ਉਨਾਂ ਲਾਇਬ੍ਰੇਰੀ ਨੂੰ ਨਵੀ ਦਿੱਖ ਦੇਣ ਲਈ ਸੇਵਾਵਾਂ ਨਿਭਾਉਣ ਬਦਲੇ ਜੇਈ ਸਲੀਮ ਮੁਹੰਮਦ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ. ਕੇਵਲ ਸਿੰਘ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਉਘੇ ਸਾਹਿਤਕਾਰ ਸ੍ਰੀ ਓਮ ਪ੍ਰਕਾਸ਼ ਗਾਸੋ, ਡਾ. ਤੇਜਾ ਸਿੰਘ ਤਿਲਕ, ਡਾ. ਰਾਮ ਸਰੂਪ ਸ਼ਰਮਾ, ਪਿ੍ਰੰੰਸੀਪਲ ਭਰਗਾਨੰਦ ਸ਼ਰਮਾ, ਡਾ. ਤਰਸਪਾਲ ਕੌਰ, ਪ੍ਰੋ. ਮਿੱਠੂ ਪਾਠਕ, ਡਾ. ਸੁਰਿੰਦਰ ਸਿੰਘ ਭੱਠਲ, ਸ੍ਰੀ ਮਹਿੰਦਰ ਸਿੰਘ ਰਾਹੀ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਮਾਸਟਰ ਹਰਦੇਵ ਸਿੰਘ ਦੇਵ ਖੁੱਡੀ ਕਲਾਂ, ਡਾ. ਕਰਮਜੀਤ ਸਿੰਘ ਧਾਲੀਵਾਲ (ਚੁਹਾਨਕੇ) ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ, ਚੇਅਰਮੈਨ ਨਗਰ ਸੁਧਾਰ ਟਰੱਸਟ ਮੱਖਣ ਸ਼ਰਮਾ, ਪ੍ਰਧਾਨ ਨਗਰ ਕੌਂਸਲ ਗੁਰਜੀਤ ਸਿੰਘ ਰਾਮਨਵਾਸੀਆ, ਮੀਤ ਪ੍ਰਧਾਨ ਨਰਿੰਦਰ ਕੁਮਾਰ ਨੀਟਾ, ਕਾਰਜਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਮਨਪ੍ਰੀਤ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਜੈ ਭਾਸਕਰ ਸ਼ਰਮਾ ਤੇ ਹੋਰ ਪਤਵੰਤੇ ਹਾਜ਼ਰ ਸਨ।