ਬਰਨਾਲਾ, 18 ਜੂਨ ( ਮੰਗਲ ਸਿੰਘ ) ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰ ਸ਼ੁੱਕਰਵਾਰ ਨੰੂ ਡਰਾਈ ਡੇਅ ਮਨਾਇਆ ਜਾਂਦਾ ਹੈ। ਇਸ ਦੌਰਾਨ ਜਿੱਥੇ ਵੱਖ ਵੱਖ ਥਾਈਂ ਖੜੇ ਪਾਣੀ ਵਿਚ ਲਾਰਵਾ ਚੈਕ ਕਰਨ ਤੋਂ ਇਲਾਵਾ ਐਂਟੀ ਮਲੇਰੀਆ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਖਾਲੀ ਥਾਵਾਂ, ਬਰਤਨਾਂ ਆਦਿ ਵਿਚ ਪਾਣੀ ਖੜਾ ਨਾ ਕਰਨ ਬਾਰੇ ਜਾਗਰੂਕ ਕੀਤਾ ਜਾਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਦੀਆਂ ਦੋ ਟੀਮਾਂ ਵਲੋਂ ਵੱਖ ਵੱਖ ਵਿਭਾਗਾਂ ਸਿੱਖਿਆ ਵਿਭਾਗ ਐਲੀਮੈਂਟਰੀ ਅਤੇ ਸੈਕੰਡਰੀ, ਕਿਰਤ ਵਿਭਾਗ, ਯੁਵਕ ਸੇਵਾਵਾਂ ਵਿਭਾਗ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਆਬਕਾਰੀ ਤੇ ਕਰ ਵਿਭਾਗ, ਡੀ.ਡੀ.ਪੀ.ਓ ਦਫ਼ਤਰ ਅਤੇ ਹੋਰ ਵਿਭਾਗੀ ਦਫਤਰਾਂ ਵਿੱਚ ਕੂਲਰਾਂ, ਫਰਿੱਜਾਂ ਤੇ ਹੋਰ ਥਾਵਾਂ ’ਤੇ ਖੜੇ ਪਾਣੀ ਦੀ ਜਾਂਚ ਕੀਤੀ ਗਈ ਅਤੇ ਦਵਾਈ ਦਾ ਛਿੜਕਾਅ ਕੀਤਾ ਗਿਆ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀ ਇਕ ਟੀਮ ਵੱਲੋਂ ਜਾਂਚ ਦੌਰਾਨ ਕੁਝ ਰਿਹਾਇਸ਼ੀ ਖੇਤਰਾਂ ਵਿੱਚ ਲਾਰਵਾ ਮਿਲਿਆ ਹੈ, ਜਿਸ ਸਬੰਧੀ ਕਾਰਜਸਾਧਕ ਅਫਸਰ ਨੂੰ ਅਗਲੇਰੀ ਕਾਰਵਾਈ ਲਈ ਲ਼ਿਖ ਦਿੱਤਾ ਗਿਆ ਹੈ।
ਇਸ ਮੌਕੇ ਡਾ. ਅਰਮਾਨਦੀਪ ਸਿੰਘ ਅਤੇ ਗੁਰਮੇਲ ਸਿੰਘ ਢਿੱਲੋਂ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ, ਮੱਛਰਦਾਨੀ ਦੀ ਵਰਤੋਂ ਅਤੇ ਮੱਛਰ ਤੋਂ ਬਚਾਅ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਕਾਸ਼ ਸਿਘ ਐਮ.ਪੀ.ਐਚ.ਡਬਲੀਊ ਤੇ ਗੁਲਾਬ ਸਿੰਘ ਇੰਸੈਕਟ ਕੁਲੈਟਰ ਤੇ ਬਰੀਡਿੰਗ ਚੈਕਰ ਆਦਿ ਹਾਜ਼ਰ ਸਨ।