ਚੰਡੀਗੜ, 19 ਜੂਨ (ਜੀ98 ਬਿਊਰੋ) : ਉੱਡਣਾ ਸਿੱਖ ਪਦਮਸ੍ਰੀ ਮਿਲਖਾ ਸਿੰਘ 91 ਸਾਲ ਦੀ ਉਮਰ ਭੋਗ ਕੇ ਲੰਮੀ ਉਡਾਰੀ ਮਾਰ ਗਿਆ। ਮਿਲਖਾ ਸਿੰਘ ਕੋਰੋਨਾ ਪੀੜਤ ਸੀ ਅਤੇ ਚੰਡੀਗੜ ਦੇ ਪੀਜੀਆਈ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ । ਮਿਲਖਾ ਸਿੰਘ ਦੀ ਪਤਨੀ ਵੀੀ ਪੰਜ ਕੁ ਦਿਨ ਪਹਿਲਾਂ ਦੁਨੀਆ ਛੱਡ ਗਈ ਸੀ। ਮਿਲਖਾ ਸਿੰਘ ਆਪਣੇ ਪਿੱਛੇ ਇੱਕ ਪੁੱਤਰ ਅਤੇ ਤਿੰਨ ਧੀਆਂ ਛੱਡ ਗਏ ਹਨ। ਮਿਲਖਾ ਸਿੰਘ ਦੀ ਜ਼ਿੰਦਗੀ ਨਾਲ ਇੱਕ ਦੁਖਦ ਸੰਤਾਪ ਵੀ ਜੁੜਿਆ ਹੋਇਆ ਹੈ ਕਿ ਉਸ ਨੇ 1947 ਦੀ ਵੰਡ ਸਮੇਂ ਆਪਣੀਆਂ ਅੱਖਾਂ ਸਾਹਮਣੇ ਮਾਂ-ਬਾਪ, ਭੈਣ-ਭਰਾ ਕਤਲ ਹੁੰਦੇ ਦੇਖੇ। ਦੇਸ਼ ਦੀ ਵੰਡ ਤੋਂ ਬਾਅਦ ਮਿਲਖਾ ਸਿੰਘ ਦਿੱਲੀ ਆ ਗਿਆ ਸੀ ਅਤੇ ਅੱਜਕੱਲ ਚੰਡੀਗੜ ਰਹਿ ਰਿਹਾ ਸੀ । ਮਿਲਖਾ ਸਿੰਘ ਨੇ ਰੁਜ਼ਗਾਰ ਲਈ ਫੌਜ ਦੀ ਨੌਕਰੀ ਚੁਣੀ। ਮਿਲਖਾ ਸਿੰਘ ਨੇ ਫੌਜ ਦੀਆਂ ਬਿ੍ਰਗੇਡ ਖੇਡਾਂ ਤੋਂ ਸ਼ੁਰੂ ਹੋ ਕੇ ਉਲੰਪਿਕ ਖੇਡਾਂ ਤੱਕ ਨਾਮ ਚਮਕਾਇਆ। ਸਾਲ 1958 ਵਿੱਚ ਮਿਲਖਾ ਸਿੰਘ ਟੋਕੀਓ ਦੀਆਂ ਏਸ਼ਿਆਈ ਖੇਡਾਂ ’ਚ 200 ਅਤੇ 400 ਮੀਟਰ ਦੌੜ ਵਿੱਚ ਦੋਹਰਾ ਸੋਨ ਤਗਮਾ ਜਿੱਤਿਆ । ਇਸੇ ਸਾਲ ਹੀ ਮਿਲਖਾ ਸਿੰਘ ਰਾਸ਼ਟਰ ਮੰਡਲ ਖੇਡਾਂ ਵਿੱਚ ਵੀ 400 ਮੀਟਰ ਦੌੜ ’ਚ ਸੋਨ ਤਗਮਾ ਜਿੱਤ ਕੇ ਇਸ ਪ੍ਰਾਪਤੀ ਵਾਲਾ ਭਾਰਤ ਦਾ ਪਹਿਲਾ ਐਥਲੀਟ ਬਣਿਆ। ਇਹ ਰਿਕਾਰਡ 52 ਸਾਲ ਤੱਕ ਮਿਲਖਾ ਸਿੰਘ ਦੇ ਨਾਮ ਰਿਹਾ। ਸਾਲ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ’ਚ ਵੀ ਮਿਲਖਾ ਸਿੰਘ ਨੇ 2 ਸੋਨ ਤਗਮੇ ਜਿੱਤੇ । 200 ਮੀਟਰ ਦੌੜ ’ਚ ਵੀ ਮਿਲਖਾ ਸਿੰਘ ਚੈਂਪੀਅਨ ਸੀ। ਮਿਲਖਾ ਸਿੰਘ ਦੇ ਨਾਮ ਨਾਲ ਉੱਡਣਾ ਸਿੱਖ ਜੁੜਣ ਪਿੱਛੇ ਵੀ ਦਿਲਚਸਪ ਕਹਾਣੀ ਹੈ। 1960 ਵਿੱਚ ਭਾਰਤ-ਪਾਕਿ ਅਥਲੈਟਿਕਸ ਮੀਟ ’ਚ ਪਾਕਿਸਤਾਨ ਦੇ ਤੇਜ਼ ਦੌੜਾਕ ਅਬਦੁਲ ਖਾਲਿਕ ਨੂੰ 200 ਮੀਟਰ ਦੌੜ ਵਿੱਚ ਵੱਡੇ ਫਰਕ ਨਾਲ ਹਰਾ ਕੇ ਸਨਸਨੀ ਫੈਲਾ ਦਿੱਤੀ ਸੀ, ਉਦੋ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਅਯੂਬ ਖ਼ਾਨ ਨੇ ਮਿਲਖਾ ਸਿੰਘ ਨੂੰ ਕਿਹਾ ਕਿ ਅੱਜ ਉਸ ਨੇ ਇਹ ਦੌੜ ਕੇ ਨਹੀਂ , ਸਗੋਂ ਉੱਡ ਕੇ ਦੌੜ ਪੂਰੀ ਕੀਤੀ ਹੈ ਤਾਂ ਉਸਤੋਂ ਬਾਅਦ ਦੁਨੀਆਂ ਮਿਲਖਾ ਸਿੰਘ ਨੂੰ ਫਲਾਇੰਗ ਸਿੱਖ (ਉੱਡਣਾ ਸਿੱਖ) ਦੇ ਨਾਮ ਨਾ ਪੁਕਾਰਨ ਲੱਗੀ । ਮਿਲਖਾ ਸਿੰਘ ਨੇ ਤਿੰਨ ਉਲੰਪਿਕਸ 1956 ਮੈਲਬਰਨ ,1960 ਰੋਮ ਅਤੇ 1964 ਟੋਕੀਓ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਮਿਲਖਾ ਸਿੰਘ ਦਾ ਸੁਪਨਾ ਸੀ ਕਿ ਉਹ ਕਿਸੇ ਭਾਰਤੀ ਐਥਲੀਟ ਨੂੰ ਸੋਨ ਤਗਮਾ ਜਿੱਤਦਾ ਦੇਖੇ ਪਰ ਮਿਲਖਾ ਸਿੰਘ ਆਪਣਾ ਇਹ ਸੁਪਨਾ ਦਿਲ ਵਿੱਚ ਲੈ ਕੇ ਹੀ ਲੰਮੀ ਉਡਾਰੀ ਮਾਰ ਗਿਆ। ਮਿਲਖਾ ਸਿੰਘ ਦਾ ਸਮੁੱਚਾ ਜੀਵਨ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ।