ਬਰਨਾਲਾ 20 ਜੂਨ (ਨਿਰਮਲ ਸਿੰਘ ਪੰਡੋਰੀ) ਪਿਤਾ ਦਿਵਸ ਮੌਕੇ ਇਕ ਵਿਲੱਖਣ ਕਾਰਜ ਕਰਦੇ ਹੋਏ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂਆਂ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੰਨਣਵਾਲ ਵਿਖੇ ਪੰਛੀਆਂ ਲਈ 200 ਮਿੱਟੀ ਦੇ ਕਟੋਰੇ ਚੋਗੇ (ਦਾਣੇ) ਨਾਲ ਭਰ ਕੇ ਪਿੰਡ ਵਿਚ ਵੰਡੇ ਗਏ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕਟੋਰਿਆਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਰੱਖਣ ਅਤੇ ਨਾਲ ਹੀ ਪਾਣੀ ਦਾ ਪ੍ਰਬੰਧ ਵੀ ਕਰਨ। ਇਸ ਮਹਾਨ ਕਾਰਜ ਸਬੰਧੀ ਜਾਣਕਾਰੀ ਦੇਣ ਸਮੇਂ ਗੱਲਬਾਤ ਕਰਦੇ ਹੋਏ ਭੰਗੀਦਾਸ ਬਲਵਿੰਦਰ ਸਿੰਘ ਨੇ ਕਿਹਾ ਕਿ ਅੱਤ ਦੀ ਗਰਮੀ ਨਾਲ ਜਿੱਥੇ ਇਨਸਾਨ ਹਾਲੋਂ ਬੇਹਾਲ ਹੋ ਰਹੇ ਹਨ ਉੱਥੇ ਕਈ ਵਾਰ ਚੋਗਾ ਅਤੇ ਪਾਣੀ ਨਾ ਮਿਲਣ ਕਰਕੇ ਅਨੇਕਾਂ ਪੰਛੀ ਹਰ ਗਰਮੀ ਦੇ ਮੌਸਮ ਵਿੱਚ ਮਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਡੇਰਾ ਸਿਰਸਾ ਵੱਲੋਂ ਦਿੱਤੀ ਸਿੱਖਿਆ ਅਨੁਸਾਰ 135 ਭਲਾਈ ਕਾਰਜਾਂ ਦੀ ਲੜੀ ਤਹਿਤ ਇਹੋ ਜਿਹੇ ਕਾਰਜ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਕਸਰ ਡੇਰੇ ਦੀ ਸੰਗਤ ਵੱਲੋਂ ਕੀਤੇ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਅਤੇ ਹੋਰ ਯੋਗ ਥਾਵਾਂ ‘ਤੇ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਕਿਉਂਕਿ ਇਹੀ ਪੌਦੇ ਵੱਡੇ ਰੁੱਖ ਬਣ ਕੇ ਪੰਛੀਆਂ ਦਾ ਰੈਣ ਬਸੇਰਾ ਬਣਦੇ ਹਨ। ਇਸ ਮੌਕੇ ਬਲਵਿੰਦਰ ਬਿੱਟੂ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਹੈਪੀ, ਗੁਰਮੀਤ ਕੌਰ, ਮਨਦੀਪ ਕੌਰ, ਪਰਮਜੀਤ ਕੌਰ ਅਤੇ ਡੇਰਾ ਸਿਰਸਾ ਦੇ ਹੋਰ ਸ਼ਰਧਾਲੂ ਵੀ ਹਾਜ਼ਰ ਸਨ।