ਕੁੰਵਰ ਨੇ ਕੀਤਾ ਸਿਆਸੀ ਸਫਾਈ ਦਾ ਦਾਅਵਾ
ਅੰਮਿ੍ਤਸਰ, 21 ਜੂਨ (ਜੀ98 ਨਿਊਜ਼) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੁੰਤਰੀ ਅਰਵਿੰਦ ਕੇਜਰੀਵਾਲ ਦੀ ਅੰਮਿ੍ਤਸਰ ਦੀ ਫੇਰੀ ਪੰਜਾਬ ਦੇ ਰਾਜਨੀਤਿਕ ਮਾਹੌਲ ’ਚ ਗਰਮਾਹਟ ਪੈਦਾ ਕਰ ਗਈ । ਸ੍ਰੀ ਕੇਜਰੀਵਾਲ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮਹੱਤਵਪੂਰਨ ਟਿੱਪਣੀ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਤੇ ਗੋਲੀ ਕਾਂਡ ਘਟਨਾਵਾਂ ਦੀ ਜਾਂਚ ਪ੍ਰਕਿਰਿਆ ਦੌਰਾਨ ਚਰਚਾ ਵਿੱਚ ਆਏ ਆਈਪੀਐਸ.ਅਫ਼ਸਰ ਕੁੰਵਰ ਵਿਜੇਪ੍ਰਤਾਪ ਸਿੰਘ ਨੂੰ ਆਮ ਆਦ-ਮੀ ਪਾਰਟੀ ਵਿੱਚ ਸ਼ਾਮਲ ਕੀਤਾ । ਸ੍ਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਆਪ ਵੱਲੋਂ ਮੁੱੱਖ ਮੰਤਰੀ ਦਾ ਚਿਹਰਾ ਸਿੱਖ ਹੀ ਹੋਵੇਗਾ ਜਿਸ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪ੍ਰੰਤੂ ਕੁੰਵਰ ਵਿਜੇਪ੍ਰਤਾਪ ਸਿੰਘ ਦੀ ਪਾਰਟੀ ਵਿਚ ਸ਼ਮੂਲੀਅਤ ਪੰਜਾਬ ਦੀ ਰਾਜਨੀਤੀ ’ਚ ਇੱਕ ਨਵੀਂ ਬਹਿਸ ਛੇੜੇਗੀ ਕਿਉਂਕਿ ਬਤੌਰ ਸਿਟ ਮੁਖੀ ਕੁੰਵਰ ਵਿਜੇਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਨੂੰ ਮਾਨਯੋਗ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ ਜਿਸ ਸਬੰਧੀ ਉੱਠ ਰਹੇ ਸਵਾਲਾਂ ਦਾ ਜਵਾਬ ਕੁੰਵਰ ਵਿਜੇਪ੍ਰਤਾਪ ਸਿੰਘ ਨੂੰ ਰਾਜਨੀਤਕ ਪਲੇਟਫਾਰਮ ’ਤੇ ਵਿਚਰਦੇ ਹੋਏ ਦੇਣਾ ਪਵੇਗਾ। ਇਹ ਵੀ ਵਾਚਣਯੋਗ ਹੋਵੇਗਾ ਕਿ ਆਮ ਆਦਮੀ ਪਾਰਟੀ ਬੇਅਦਬੀ ਘਟਨਾਵਾਂ ਸਬੰਧੀ ਕੁੰਵਰ ਵਿਜੇਪ੍ਰਤਾਪ ਸਿੰਘ ਵੱਲੋਂ ਆਪਣੀ ਜਾਂਚ ਰਿਪੋਰਟ ਵਿੱਚ ਸ਼ਾਮਲ ਕੀਤੇ ਉਹ ਤੱਥ, ਜਿਹੜੇ ਕਾਨੂੰਨੀ ਪਲੇਟਫਾਰਮ ’ਤੇ ਰੱਦ ਹੋ ਚੁੱਕੇ ਹਨ , ਨੂੰ ਰਾਜਨੀਤਿਕ ਪਲੇਟਫਾਰਮ ’ਤੇ ਕਿਸ ਵਿਰੋਧੀ ਪਾਰਟੀ ਦੀ ਸਿਆਸੀ ਚੂਲ ਢਿੱਲੀ ਕਰਨ ਲਈ ਵਰਤੇਗੀ। ਦੂਜੇ ਪਾਸੇ ਕੁੰਵਰ ਵਿਜੇਪ੍ਰਤਾਪ ਸਿੰਘ ਨੇ ਪੰਜਾਬ ਦੇ ਰਾਜਨੀਤਿਕ ਮਾਹੌਲ ਵਿੱਚ ਸਫਾਈ ਕਰਨ ਦਾ ਦਾਅਵਾ ਵੀ ਕੀਤਾ ਹੈ।