ਚੰਡੀਗਡ਼੍ਹ 22 ਜੁੂਨ (ਜ਼ੀ98 ਨਿਊਜ਼) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਬੇਅਦਬੀ ਘਟਨਾਵਾਂ ਅਤੇ ਗੋਲੀ ਕਾਂਡ ਸਬੰਧੀ ਨਵੀਂ ਬਣੀ ਸਿੱਟ ਨੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਉਨ੍ਹਾਂ ਦੀ ਚੰਡੀਗੜ੍ਹ ਵਿਚਲੀ ਸਰਕਾਰੀ ਰਿਹਾਇਸ਼ ਉਪਰ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ । ਸੂਤਰਾਂ ਅਨੁਸਾਰ ਪੁਲਸ ਅਫਸਰ ਐਲ ਕੇ ਯਾਦਵ, ਰਾਕੇਸ਼ ਅਗਰਵਾਲ ਅਤੇ ਸੁਰਜੀਤ ਸਿੰਘ ‘ਤੇ ਆਧਾਰਤ ਉੱਚ ਪੱਧਰੀ ਪੜਤਾਲੀਆ ਟੀਮ ਦੀ ਪੁੱਛਗਿੱਛ ਦਾ ਕੇਂਦਰ ਬਿੰਦੂ ਗੋਲੀ ਕਾਂਡ ਹੀ ਰਿਹਾ। ਸਰਦਾਰ ਬਾਦਲ ਦੀ ਰਿਹਾਇਸ਼ ‘ਤੇ ਪੁੱਛ ਗਿੱਛ ਕਰਕੇ ਪੜਤਾਲੀਆ ਟੀਮ ਦੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਹਿਲੀ ਸਿੱਟ ਦੇ ਮੁਖੀ ਕੁੰਵਰ ਵਿਜੇਪ੍ਰਤਾਪ ਸਿੰਘ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਅਕਾਲੀ ਦਲ ਦੇ ਦੋਸ਼ ਸਹੀ ਸਾਬਤ ਹੋ ਗਏ ਹਨ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲੀ ਭੁਗਤ ਨਾਲ ਅਕਾਲੀ ਦਲ ਨੂੰ ਸਿਆਸੀ ਨੁਕਸਾਨ ਪਹੁੰਚਾਉਣ ਲਈ ਸਿਆਸੀ ਖੇਡ ਖੇਡ ਰਹੀਆਂ ਹਨ । ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵਾਪਰ ਰਹੀਆਂ ਪਿਛਲੇ ਕੁਝ ਮਹੀਨਿਆਂ ਤੋਂ ਸਿਆਸੀ ਗਤੀਵਿਧੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਤਾਂ ਕਾਂਗਰਸ ਦੀ ਬੀ ਟੀਮ ਹੀ ਹੈ । ਅਕਾਲੀ ਦਲ ਨੇ ਪੁੱਛਗਿੱਛ ਸਮੇਂ ਇਕ ਅਣਅਧਿਕਾਰਤ ਪੁਲਸ ਅਧਿਕਾਰੀ ਦੀ ਮੌਜੂਦਗੀ ਉੱਪਰ ਵੀ ਇਤਰਾਜ਼ ਉਠਾਉਂਦੇ ਹੋਏ ਕਿਹਾ ਕਿ ਨਵੀਂ ਸਿੱਟ ਵੀ ਸਿਆਸਤ ਤੋਂ ਪ੍ਰੇਰਿਤ ਹੀ ਹੈ ਅਤੇ ਇਹ ਸਾਰਾ ਡਰਾਮਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੀ ਖੇਡਿਆ ਜਾ ਰਿਹਾ ਹੈ ਜਿਸਦਾ ਪਹਿਲਾ ਹੀਰੋ ਕੁੰਵਰ ਵਿਜੇਪ੍ਰਤਾਪ ਸੀ ਅਤੇ ਹੁਣ ਐੱਲ ਕੇ ਯਾਦਵ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਕੁੰਵਰ ਵਿਜੇਪ੍ਰਤਾਪ ਸਿੰਘ ਪੁਲਿਸ ਅਫ਼ਸਰ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਸੀ ਪ੍ਰੰਤੂ ਉਸ ਦੀ ਡੋਰ ਅਰਵਿੰਦ ਕੇਜਰੀਵਾਲ ਦੇ ਹੱਥ ਵਿਚ ਸੀ।