ਬਰਨਾਲਾ, 23 ਜੂਨ (ਨਿਰਮਲ ਸਿੰਘ ਪੰਡੋਰੀ) : ਸਾਡੇ ਸਮਾਜ ਵੱਲੋਂ ਭਾਂਵੇ ਮੁੰਡੇ ਅਤੇ ਕੁੜੀ ਦੇ ਪਾਲਣ-ਪੋਸ਼ਣ ਵਿੱਚ ਭੇਦ ਭਾਵ ਕੀਤਾ ਜਾਂਦਾ ਹੈ ਅਤੇ ਕੁਝ ਰੂੜੀਵਾਦੀ ਪਰਿਵਾਰਾਂ ਵੱਲੋਂ ਤਾਂ ਕੁੜੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ ਪਰ ਦੂਜੇ ਪਾਸੇ ਉਸਾਰੂ ਸੋਚ ਵਾਲੇ ਪਰਿਵਾਰਾਂ ਵੱਲੋਂ ਜਦ ਵੀ ਕਦੇ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਧੀਆਂ ਨੇ ਆਪਣੀ ਕਾਬਲੀਅਤ ਨੂੰ ਬਾਖੂਬੀ ਸਿੱਧ ਕੀਤਾ ਹੈ। ਅਜਿਹੀ ਇੱਕ ਮਿਸਾਲ ਮਰਹੂਮ ਲੋਕ ਕਵੀ ਸੰਤਰਾਮ ਉਦਾਸੀ ਦੇ ਪਿੰਡ ਰਾਏਸਰ ਦੀ ਧੀ ਪੀਨਾ ਬੇਗਮ ਨੇ ਦਿੱਤੀ ਹੈ। ਪੀਨਾ ਬੇਗਮ ਨੇ ਰਾਏਸਰ ਦੇ ਸੀਨੀਅਰ ਸੰਕੈਡਰੀ ਸਕੂਲ ਦੀ ਵਿਦਿਆਰਥਣ ਵਜੋਂ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸ਼ੈਸਨ 2020-21 ਦੇ ਕੌਮੀ ਪ੍ਰਤਿਭਾ ਖੋਜ ਵਜੀਫਾ ਪ੍ਰੀਖਿਆ ਵਿੱਚੋਂ ਸਫ਼ਲਤਾ ਪ੍ਰਾਪਤ ਕਰਦੇ ਹੋਏ ਸੂਬੇ ਭਰ ਵਿੱਚੋ 116ਵਾਂ ਰੈਂਕ ਪ੍ਰਾਪਤ ਕੀਤਾ। ਸਕੂਲ ਦੇ ਪਿੰ੍ਰਸੀਪਲ ਬਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਦਸਵੀਂ ਕਲਾਸ ਦੇ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠਣ ਯੋਗ ਹੁੰਦੇ ਹਨ । ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋ ਇਹ ਪ੍ਰੀਖਿਆ ਦੋ ਪੱਧਰਾਂ ਵਿੱਚ ਕਰਵਾਈ ਜਾਂਦੀ ਹੈ। ਪਹਿਲੇ ਪੱਧਰ ਦੀ ਪ੍ਰੀਖਿਆ ਸਮੂਹ ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵੱਲੋਂ ਕਰਵਾਈ ਜਾਂਦੀ ਹੈ। ਪਹਿਲੇ ਪੱਧਰ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਦੂਜੇ ਪੱਧਰ ਦੀ ਪ੍ਰੀਖਿਆ ਵਿੱਚ ਬੈਠਦੇ ਹਨ। ਪ੍ਰੀਖਿਆ ਦੇ ਸਫ਼ਲ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਦੀ ਪੂਰਤੀ ਤੱਕ ਵਜੀਫਾ ਦਿੱਤਾ ਜਾਂਦਾ ਹੈ। ਪੀਨਾ ਬੇਗਮ ਵੱਲੋਂ ਇਹ ਵੱਕਾਰੀ ਪ੍ਰੀਖਿਆ ਪਾਸ ਕਰਨ ’ਤੇ ਜ਼ਿਲਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ,ਉਪ ਜ਼ਿਲਾ ਸਿੱਖਿਆ ਹਰਕੰਵਲਜੀਤ ਕੌਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਰਾਜਮਹਿੰਦਰ ਸਿੰਘ ਬਰਨਾਲਾ ਨੇ ਮੁਬਾਕਰਬਾਦ ਦਿੰਦੇ ਹੋਏ ਦੂਜੇ ਪੱਧਰ ਦੀ ਪ੍ਰੀਖਿਆ ਲਈ ਸ਼ੁਭਕਾਮਨਾਵਾਂ ਦਿੱਤੀਆਂ।